ਸਰੀ, 10 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਪ੍ਰਸਿੱਧ ਲੇਖਿਕਾ ਅਤੇ ਨਾਵਲਕਾਰ ਸੁਰਿੰਦਰ ਨੀਰ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਰੂਬਰੂ ਸੈਸ਼ਨ ਦਾ ਸੰਚਾਲਨ ਨਾਮਵਰ ਸ਼ਾਇਰ ਤੇ ਬੁਲਾਰੇ ਪ੍ਰੋ. ਦਰਸ਼ਨ ਦੀਪ ਨੇ ਕੀਤਾ। ਉਨ੍ਹਾਂ ਸੁਰਿੰਦਰ ਨੀਰ ਦੇ ਸਾਹਿਤਕ ਸਫ਼ਰ, ਕਹਾਣੀ-ਲਿਖਤ ਅਤੇ ਨਾਵਲ ਰਚਨਾ ’ਤੇ ਰੋਸ਼ਨੀ ਪਾਈ। ਸੁਰਿੰਦਰ ਨੀਰ ਨੇ ਆਪਣੇ ਜੀਵਨ ਦੇ ਅਨੁਭਵ, ਸਿਰਜਣਾਤਮਕ ਯਾਤਰਾ ਅਤੇ ਸਾਹਿਤ ਨਾਲ ਜੁੜੇ ਵਿਚਾਰ ਬੇਝਿਜਕ ਸਾਂਝੇ ਕੀਤੇ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਨਾ ਮਿਲੀ। ਸਰਪ੍ਰਸਤ ਇੰਦਰਜੀਤ ਸਿੰਘ ਬੱਲ ਨੇ ਨੀਰ ਦੀ ਲਿਖਤ ਅਤੇ ਉਹਨਾਂ ਦੀ ਨਿਰਛਲ ਸ਼ਖ਼ਸੀਅਤ ਦੀ ਤਾਰੀਫ਼ ਕਰਦਿਆਂ ਉਹਨਾਂ ਦੇ ਹੌਂਸਲੇ ਨੂੰ ਕਾਬਿਲ-ਏ-ਦਾਦ ਦੱਸਿਆ।
ਇਸ ਮੌਕੇ ਡਾ. ਕਥੂਰੀਆ ਨੇ ਪ੍ਰਸਿੱਧ ਮੀਡੀਆ ਪਰਸਨ ਵਰਿੰਦਰ ਸਿੰਘ ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ।
ਸਮਾਰੋਹ ਦੇ ਦੂਜੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿੱਚ ਕਈ ਨਾਮਵਰ ਕਵੀਆਂ ਨੇ ਹਿੱਸਾ ਲਿਆ। ਸ਼ਾਇਰ ਮੀਤਾ ਖੰਨਾ, ਰਿੰਟੂ ਭਾਟੀਆ, ਸੁਰਿੰਦਰ ਸੂਰ, ਤਜਿੰਦਰ ਕਾਲੜਾ, ਭੁਪਿੰਦਰ ਰਤਨ, ਸਤਵੰਤ ਕੌਰ, ਮਕਸੂਦ ਚੌਧਰੀ, ਅਮਰਜੀਤ ਸਿੰਘ ਸਿੱਧੂ, ਕਰਤਾਰ ਸਿੰਘ ਔਲਖ, ਹਰਪਾਲ ਸਿੰਘ ਭਾਟੀਆ, ਬਲਜੀਤ ਕੌਰ, ਜਗੀਰ ਸਿੰਘ ਕਾਹਲੋਂ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮੁੱਚੇ ਮਾਹੌਲ ਨੂੰ ਕਾਵਿ-ਮਈ ਰੰਗ ਰੰਗਿਆ।
ਅੰਤ ਵਿੱਚ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਚੇਅਰਪਰਸਨ ਰਮਿੰਦਰ ਵਾਲੀਆ ਵੱਲੋਂ ਸੁਰਿੰਦਰ ਨੀਰ ਨੂੰ ਫੁਲਕਾਰੀ ਅਤੇ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਕਥੂਰੀਆ ਵੱਲੋਂ ਮਾਂ-ਬੋਲੀ ਪੰਜਾਬੀ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਹਾਜਰ ਮਹਿਮਾਨਾਂ ਨੇ ਪ੍ਰਸੰਸਾ ਕੀਤੀ।
