ਸਰੀ, 10 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਆਟੋਮੋਬਾਈਲ ਕੰਪਨੀ ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 34ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਵਿੱਚ 17 ਹੋਣਹਾਰ ਵਿਦਿਆਰਥੀਆਂ ਨੂੰ ਕੁੱਲ 34,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਇਹ ਸਮਾਗਮ ਬਸੰਤ ਮੋਟਰਜ਼ ਦੇ ਵਿਹੜੇ ਵਿੱਚ ਹੋਇਆ, ਜਿਸ ਵਿੱਚ ਕਈ ਵੈਨਕੂਵਰ ਖੇਤਰ ਦੀਆਂ ਉੱਘੀਆਂ ਹਸਤੀਆਂ ਨੇ ਹਾਜ਼ਰੀ ਭਰੀ।
ਸਕਾਲਰਸ਼ਿਪ ਦੇ ਚੈਕ ਅਤੇ ਮਾਣ ਪੱਤਰ ਵਿਦਿਆਰਥੀਆਂ ਨੂੰ ਸਰੀ ਦੀ ਮੇਅਰ ਬਰੈਂਡਾ ਲੌਕ, ਬੀ.ਸੀ. ਦੇ ਸਿੱਖਿਆ ਮੰਤਰੀ ਜੈਸੀ ਸੂੰਨੜ, ਸਾਬਕਾ ਮੰਤਰੀ ਹੈਰੀ ਬੈਂਸ, ਪ੍ਰੋਫੈਸਰ ਕਸ਼ਮੀਰਾ ਸਿੰਘ, ਡਾ. ਪ੍ਰਗਟ ਸਿੰਘ ਭੁਰਜੀ, ਪ੍ਰਸਿੱਧ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਕੌਂਸਲਰ ਪ੍ਰਦੀਪ ਕੂਨਰ ਅਤੇ ਹੋਰ ਵਿਅਕਤੀਆਂ ਵੱਲੋਂ ਭੇਟ ਕੀਤੇ ਗਏ। ਇਸ ਮੌਕੇ ਬਸੰਤ ਮੋਟਰਜ਼ ਦੇ ਸੀ.ਈ.ਓ. ਸ. ਬਲਦੇਵ ਸਿੰਘ ਬਾਠ ਨੇ ਦੱਸਿਆ ਕਿ ਕੰਪਨੀ ਹਰ ਸਾਲ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਸਰੀ ਨਿਵਾਸੀਆਂ ਅਤੇ ਸਥਾਨਕ ਭਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਦੁਨੀਆ ਭਰ ‘ਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ, ਪਰ ਬਸੰਤ ਮੋਟਰਜ਼ ਆਪਣੀ ਸਮਾਜ ਸੇਵਾ ਦੀ ਪਰੰਪਰਾ ਅਤੇ ਨਿਸ਼ਠਾ ਨੂੰ ਜਾਰੀ ਰੱਖਦਿਆਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਉਨ੍ਹਾਂ ਇਸ ਮੌਕੇ ‘ਤੇ ਆਪਣੇ ਪਿੰਡ ਹਰਦੋ ਫਰਾਲਾ (ਪੰਜਾਬ) ਦੇ ਸਕੂਲ ਵਿੱਚ ਵੀ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਸਮਾਰੋਹ ਦੇ ਅੰਤ ‘ਤੇ ਉਨ੍ਹਾਂ ਨੇ ਸਮਾਗਮ ਵਿਚ ਸ਼ਾਮਲ ਪ੍ਰਸਿੱਧ ਸ਼ਖ਼ਸੀਅਤਾਂ, ਸਹਿਯੋਗੀਆਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ।