ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਬਦਲੇ ਕੀਤਾ ਧੰਨਵਾਦ
ਫਰੀਦਕੋਟ 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਪੁਲਸ ਪ੍ਰਸਾਸ਼ਨ ਦੇ ਸਹਿਯੋਗ ਸਦਕਾ ਫਰੀਦਕੋਟ ਵਿਖੇ ਪਿਛਲੇ ਲਗਾਤਾਰ 5 ਦਿਨਾਂ ਤੋਂ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਦਾ ਸ਼ਾਨਦਾਰ ਸਮਾਪਨ ਹੋ ਗਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਐਡਵੇਕੇਟ ਸਿਮਰਜੀਤ ਸਿੰਘ ਸੇਖੋਂ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਨੇ ਆਖਿਆ ਕਿ ਬਾਬਾ ਫਰੀਦ ਜੀ ਦੀ ਯਾਦ ਵਿੱਚ ਫਰੀਦਕੋਟ ਵਿਖੇ ਪਿਛਲੇ 5 ਦਿਨਾਂ ਤੋਂ ਲਗਾਤਾਰ ਚੱਲ ਰਹੇ ਮੇਲੇ ਵਿੱਚ ਰੋਜਾਨਾ ਦੇਸ਼ਾਂ-ਵਿਦੇਸ਼ਾਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਅਤੇ ਟਿੱਲਾ ਬਾਬਾ ਫਰੀਦ ਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲੋਕਾਂ ਨੇ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ, ਨਾਟਕ ਮੇਲਿਆਂ ਅਤੇ ਵੱਖ-ਵੱਖ ਖੇਡਾਂ ਦੇਖ ਕੇ ਮੇਲੇ ਦਾ ਖੂਬ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੀ ਸੰਗਤ ਨੂੰ ਸੁਰੱਖਿਆ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਮੇਲੇ ਵਿੱਚ ਬੜੇ ਸੁਚੱਜੇ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਬਾਬਾ ਫਰੀਦ ਆਗਮਨ ਪੁਰਬ ਬੜੇ ਸ਼ਾਂਤੀਪੂਰਵਕ ਢੰਗ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਅੰਤ ਵਿੱਚ ਉਨ੍ਹਾਂ ਨੇ ਮੇਲੇ ਵਿੱਚ ਵੱਖ-ਵੱਖ ਥਾਵਾਂ ’ਤੇ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਮੁਲਾਜਮਾਂ, ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਅਤੇ ਸੰਗਤ ਦਾ ਧੰਨਵਾਦ ਕੀਤਾ।