ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਸੂਫ਼ੀ ਮੱਤ ਦੇ ਮੋਢੀ ਅਤੇ ਪੰਜਾਬੀ ਜ਼ੁਬਾਨ ਦੇ ਆਦਿ ਕਵੀ ਵਜੋਂ ਜਾਣੇ ਜਾਂਦੇ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਬਾਬਾ ਫਰੀਦ ਆਗਮਨ-ਪੁਰਬ ਦੌਰਾਨ ਜੋ ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ਅਤੇ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ ਜੋ ਕਿ ਕਲਾ, ਸਾਹਿਤ ਅਤੇ ਖੇਡਾਂ ਆਦਿ ਦੇ ਖੇਤਰ ਵਿੱਚ ਕੀਤੇ ਗਏ ਵਿਲੱਖਣ ਕਾਰਜਾਂ ਹਿੱਤ ਪ੍ਰਦਾਨ ਕੀਤਾ ਜਾਂਦਾ ਹੈ। ਉਸ ਸੰਬੰਧੀ ਗੁਰਦੁਆਰਾ ਗੌਦੜੀ ਸਾਹਿਬ ਫਰੀਦਕੋਟ ਅਤੇ ਟਿੱਲਾ ਬਾਬਾ ਫਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਵੱਲੋਂ ਸ. ਸਿਮਰਜੀਤ ਸਿੰਘ ਸੇਖੋ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਦੋਨਾਂ ਐਵਾਰਡਾਂ ਲਈ ਅਰਜ਼ੀਆਂ ਦੀ ਮੰਗ ਸੰਬੰਧੀ ਮੀਟਿੰਗ ਬਾਬਾ ਫਰੀਦ ਲਾਅ ਕਾਲਜ਼ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਸ. ਚਰਨਜੀਤ ਸਿੰਘ ਸੇਖੋਂ, ਸ. ਦੀਪਇੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਸ. ਕੁਲਜੀਤ ਸਿੰਘ ਮੋਂਗੀਆ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਮੈਂਬਰਜ਼ ਵੀ ਸ਼ਾਮਿਲ ਸਨ। ਇਹਨਾਂ ਐਵਾਰਡਾਂ ਲਈ ਚੋਣ ਬਹੁਤ ਬਰੀਕ ਛਾਨਣੀ ਰਾਹੀਂ ਇਕ ਲਾਜਮੀ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਰਹੀ ਹੈ। ਜਿਸ ਸਦਕਾ ਇਹਨਾਂ ਐਵਾਰਡਾਂ ਦੀ ਬਹੁਤ ਅਹਿਮੀਅਤ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਇਹਨਾਂ ਐਵਾਰਡਾਂ ਲਈ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਅਰਜ਼ੀਆਂ 10 ਸਤੰਬਰ ਤੋਂ ਪਹਿਲਾਂ-ਪਹਿਲਾਂ ਬਾਬਾ ਫ਼ਰੀਦ ਪਬਲਿਕ ਸਕੂਲ, ਹਰਿੰਦਰਾ ਨਗਰ ਫਰੀਦਕੋਟ ਦੇ ਦਫ਼ਤਰ ਵਿਖੇ ਜਾਂ ਈ-ਮੇਲ ਰਾਹੀਂ tillababafaridfaridkot@gmail.com ‘ਤੇ ਭੇਜੀਆਂ ਜਾਣ। ਓਪਰੋਕਤ ਅਰਜ਼ੀਆਂ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਖੁਦ ਵੀ ਦਿੱਤੀਆਂ ਜਾ ਸਕਦੀਆਂ ਹਨ ਜਾਂ ਫੇਰ ਕਿਸੇ ਦੂਸਰੇ ਵਿਅਕਤੀ ਵੱਲੋਂ ਵੀ ਕਿਸੇ ਵਿਅਕਤੀ ਜਾਂ ਸੰਸਥਾ ਬਾਰੇ ਅਰਜ਼ੀ ਭੇਜੀ ਜਾ ਸਕਦੀ ਹੈ ਪਰ ਅਰਜ਼ੀ 2 ਵਿਅਕਤੀਆਂ ਵੱਲੋਂ ਤਸਦੀਕਸ਼ੁਦਾ ਹੋਣੀ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਮੇਲੇ ਦੇ ਆਖਰੀ ਦਿਨ 23 ਸਤੰਬਰ, ਦਿਨ ਮੰਗਲਵਾਰ ਨੂੰ ਨਗਰ-ਕੀਰਤਨ ਗੁਰਦੁਆਰਾ ਗੋਦੜੀ ਸਾਹਿਬ ਪਹੁੰਚਣ ਉਪਰੰਤ ਦੀਵਾਨ ਹਾਲ ਵਿੱਚ ਸੰਗਤਾਂ ਦੀ ਹਾਜਰੀ ਵਿੱਚ ਇਹ ਐਵਾਰਡ ਪ੍ਰਦਾਨ ਕੀਤੇ ਜਾਣਗੇ। ਅੰਤ ਵਿੱਚ ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਕਮੇਟੀ-ਮੈਂਬਰਾਂ ਨੇ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਇਸ ਆਗਮਨ-ਪੁਰਬ ਵਿੱਚ ਹੁੰਮ-ਹੁਮਾ ਕੇ ਪਹੁੰਚਣ ਅਤੇ ਬਾਬਾ ਫ਼ਰੀਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।