ਫਰੀਦਕੋਟ , 14 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਵਿਖੇ ਅੱਜ ਵਿਦਿਆਰਥੀਆਂ ਦੇ ਧਾਰਮਿਕ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਅੱਜ ਬਾਬਾ ਫਰੀਦ ਜੀ ਦੇ ਸਲੋਕਾਂ, ਸ਼ਬਦਾਂ ਅਤੇ ਜੀਵਨੀ ’ਤੇ ਆਧਾਰਿਤ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਜ਼ਿਲੇ ਦੇ ਲਗਭਗ 11 ਸਕੂਲਾਂ ਦੇ 22 ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਨਾਂ ਮੁਕਾਬਲਿਆਂ ਦੀ ਜੱਜਮੈਂਟ ਰਾਜਪਾਲ ਸਿੰਘ ਸੰਧੂ ਅਤੇ ਅਵਨਿੰਦਰ ਪਾਲ ਸਿੰਘ ਨੇ ਕੀਤੀ। ਇਸ ਮੌਕੇ ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ, ਦੀਪਇੰਦਰ ਸਿੰਘ ਸੇਖੋਂ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿਚ ਬਾਬਾ ਫਰੀਦ ਪਬਲਿਕ ਸਕੂਲ ਦੀ ਹਰਲੀਨ ਕੌਰ ਨੇ ਪਹਿਲਾ, ਦਸ਼ਮੇਸ਼ ਸਕੂਲ ਕੋਟਕਪੂਰਾ ਦੀ ਤਨਿਸ਼ਕਾ ਨੇ ਦੂਜਾ, ਮਨਤੇਗ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਬਾਬਾ ਫਰੀਦ ਪਬਲਿਕ ਸਕੂਲ ਦੀ ਮਾਨਵਜੋਤ ਕੌਰ, ਸ਼ਹੀਦ ਗੰਜ ਪਬਲਿਕ ਸਕੂਲ ਦੀ ਗੁਰਜੋਤ ਕੌਰ ਅਤੇ ਗੁਰਲਾਲ ਸਿੰਘ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਬੀਤੇ ਦਿਨੀਂ ਕਰਵਾਏ ਗਏ ਪ੍ਰਸ਼ਨੋਤਰੀ ਮੁਕਾਬਲੇ ਵਿਚ ਬਾਬਾ ਫਰੀਦ ਪਬਲਿਕ ਸਕੂਲ ਦੀ ਇਸ਼ੂਦੀਪ ਕੌਰ ਨੇ ਪਹਿਲਾ ਸਥਾਨ, ਮਨਵੀਰ ਕੌਰ ਨੇ ਦੂਜਾ ਸਥਾਨ ਅਤੇ ਦਸ਼ਮੇਸ਼ ਸਕੂਲ ਕੋਟਕਪੂਰਾ ਦੇ ਮਨਤੇਗ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲੇ ਵਿਚ ਬਾਬਾ ਫਰੀਦ ਸਕੂਲ ਕਿਰਨਜੀਤ ਕੌਰ ਨੇ ਪਹਿਲਾ, ਸ਼ਹੀਦ ਗੰਜ ਸਕੂਲ ਦੀ ਸੁਖਮਨਜੋਤ ਕੌਰ ਨੇ ਦੂਜਾ ਤੇ ਬਾਬਾ ਫਰੀਦ ਸਕੂਲ ਦੀ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜਦਕਿ ਸ੍ਰੀ ਹਰਕਿ੍ਰਸ਼ਨ ਪਬਲਿਕ ਸਕੂਲ ਦੇ ਅਰਵਿੰਦਰ ਸਿੰਘ ਤੇ ਐਸ.ਐਮ.ਡੀ. ਸਕੂਲ ਦੀ ਗੁਰਸਿਮਰਨ ਕੌਰ ਨੇ ਉਤਸ਼ਾਹ ਵਧਾਊ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਦੇ ਨਾਂਅ ਰੌਸ਼ਨ ਕੀਤਾ। ਉਨਾਂ ਦੱਸਿਆ ਕਿ ਇਨਾਂ ਜੇਤੂ ਵਿਦਿਆਰਥੀਆਂ ਨੂੰ 23 ਸਤਬੰਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹਿਲੇ ਸਥਾਨ ਵਾਲੇ ਨੂੰ 10000 ਦੀ ਨਗਦ ਰਾਸ਼ੀ, ਦੂਜਾ ਸਥਾਨ ਵਾਲੇ ਨੂੰ 7000 ਦੀ ਨਗਦ ਰਾਸ਼ੀ ਅਤੇ ਤੀਜੇ ਸਥਾਨ ਵਾਲੇ ਨੂੰ 5000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।