ਫਰੀਦਕੋਟ, 9 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਲੋਕ ਨਾਚ ਟੀਮ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਜਰੀਏ ਸਭ ਦਾ ਦਿਲ ਜਿੱਤ ਲਿਆ। ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਕਲਾ ਉਤਸਵ ਵਿੱਚ ਟੀਮ ਨੇ ਪਹਿਲਾ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਦੀ ਕਾ ਪ੍ਰਿੰਸੀਪਲ ਸੁਖਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਬਿਹਤਰੀਨ ਅੰਦਾਜ਼, ਰੰਗ-ਬਿਰੰਗੇ ਪਹਿਰਾਵੇ ਅਤੇ ਪੰਜਾਬੀ ਸਭਿਆਚਾਰ ਦੀ ਮਿੱਠਾਸ ਨਾਲ ਭਰਪੂਰ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ਵਿਜੂਅਲ ਆਰਟਸ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਸਮੂਹ ਲੋਕ ਗੀਤ ਵਿੱਚ ਵੀ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹੋਏ ਤੀਸਰਾ ਸਥਾਨ ਦਰਜ ਕਰਕੇ ਨਾਮਣਾ ਖੱਟਿਆ। ਉਹਨਾਂ ਦੱਸਿਆ ਕਿ ਇਸ ਜਿੱਤ ਨਾਲ ਬਾਬਾ ਫਰੀਦ ਪਬਲਿਕ ਸਕੂਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਦੇ ਨਾਲ-ਨਾਲ ਕਲਾ ਅਤੇ ਸਭਿਆਚਾਰ ਦੇ ਮੰਚ ‘ਤੇ ਵੀ ਉਹ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਅੱਗੇ ਹੈ।
ਸਕੂਲ ਦੀ ਕਾ ਪ੍ਰਿੰਸੀਪਲ ਸੁਖਦੀਪ ਕੌਰ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਕਲਾ ਪ੍ਰਤੀ ਸਮਰਪਣ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਜਿੱਤ ਪੂਰੇ ਬਾਬਾ ਫ਼ਰੀਦ ਪਬਲਿਕ ਸਕੂਲ ਲਈ ਮਾਣ ਕਰਨ ਦਾ ਮੌਕਾ ਹੈ। ਕਾ ਵਾਈਸ ਪ੍ਰਿੰਸੀਪਲ ਹਰਸਿਮਰਨਜੀਤ ਕੌਰ ਨੇ ਪੂਰੀ ਟੀਮ ਨੂੰ ਸ਼ਾਬਾਸ਼ੀ ਦਿੱਤੀ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕ ਸਾਹਿਬਾਨਾਂ ਦੀ ਮਹੱਤਵਪੂਰਨ ਭੂਮਿਕਾ ਦੀ ਵੀ ਸਰਾਹਨਾ ਕੀਤੀ।