ਫ਼ਰੀਦਕੋਟ, 5 ਅਗਸਤ (ਵਰਲਡ ਪੰਜਾਬੀ ਟਾਈਮਜ਼)
ਅੱਜ ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਹਿੱਤ ਏ.ਐੱਸ.ਆਈ. ਬਲਕਾਰ ਸਿੰਘ ਦੀ ਟੀਮ ਵਲੋਂ ਬਾਬਾ ਫਰੀਦ ਪਬਲਿਕ ਸਕੂਲ ਦੇ ਆਡੀਟੋਰੀਅਮ ’ਚ ਸੈਮੀਨਾਰ ਲਾਇਆ ਗਿਆ, ਜਿਸ ਵਿੱਚ ਪੁਲਿਸ ਕਰਮਚਾਰੀਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ 50 ਸੀ.ਸੀ. ਤੋਂ ਘੱਟ ਪਾਵਰ ਦਾ ਵਹੀਕਲ ਹੀ ਚਲਾ ਸਕਦੇ ਹਨ ਤੇ ਨਾਲ ਹੀ ਉਹਨਾਂ ਨੂੰ ਮੋਟਰ ਵਹੀਕਲ ਐਕਟ ਦੀ ਧਾਰਾ 199-ਏ ਅਤੇ 199-ਬੀ ਤਹਿਤ ਦੱਸਦਿਆਂ ਕਿਹਾ ਕਿ ਜੇਕਰ 18 ਸਾਲ ਤੋਂ ਘੱਟ ਦੇ ਬੱਚੇ ਵਲੋਂ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਤਹਿਤ ਬੱਚੇ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਦਾ ਜੁਰਮਾਨਾ ਹੋਵੇਗਾ। ਇਸ ਸਬੰਧੀ ਜਾਗਰੂਕ ਕਰਦਿਆ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਉਹਨਾਂ ਇਸ ਸੈਮੀਨਾਰ ਵਿੱਚ ਸਰਕਾਰ ਵਲੋਂ ਚਲਾਈ ਨਵੀਂ ਸਕੀਮ ਫਰਿਸ਼ਤੇ ਬਾਰੇ ਵੀ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਕਿਸੇ ਐਕਸੀਡੈਂਟ ਵਲੋਂ ਜਖ਼ਮੀ ਵਿਅਕਤੀ ਦੀ ਮੱਦਦ ਕਰਦੇ ਹੋ ਤਾਂ ਤੁਹਾਨੂੰ 2000 ਨਗਦ ਇਨਾਮ ਅਤੇ ਜੀਵਨ ਰੱਖਿਆ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।