ਲੋਕ ਸਭਾ ਸਪੀਕਰ ਨੂੰ ਪੱਤਰ ਭੇਜ ਕੇ ਜਾਂਚ ਦੀ ਪੂਰੀ ਸਥਿੱਤੀ ਸਾਹਮਣੇ ਰੱਖਣ ਦੀ ਕੀਤੀ ਮੰਗ
ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਅਤੇ ‘ਆਪ’ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮਾਣਯੋਗ ਲੋਕ ਸਭਾ ਸਪੀਕਰ ਨਵੀਂ ਦਿੱਲੀ ਨੂੰ ਇੱਕ ਮਹੱਤਵਪੂਰਨ ਪੱਤਰ ਭੇਜ ਕੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਲਈ ਕਿਸੇ ਵੀ ਨਵੀਂ ਫੰਡਿੰਗ ਜਾਂ ਸਹਾਇਤਾ ਦੇਣ ਤੋਂ ਪਹਿਲਾਂ ਚੱਲ ਰਹੀਆਂ ਵਿਜੀਲੈਂਸ ਜਾਂਚਾਂ ਦੀ ਪੂਰੀ ਸਥਿੱਤੀ ਸਾਹਮਣੇ ਰੱਖਣ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਜਦੋਂ ਕਿ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਨੂੰ ਵਧੇਰੇ ਫੰਡ ਰਿਸਰਚ ਸਹਾਇਤਾ ਦੀ ਮੰਗ ਲੋਕ ਸਭਾ ਵਿੱਚ ਉਠਾਈ ਗਈ, ਜੋ ਕਾਬਿਲ-ਏ-ਤਾਰੀਫ਼ ਹੈ ਪਰ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਗੰਭੀਰ ਵਿਜੀਲੈਂਸ ਜਾਂਚਾਂ ਨੂੰ ਅਣਦੇਖਾ ਕਰਨਾ ਜਨ-ਹਿਤ ਵਿੱਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਾਬਾ ਫਰੀਦ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼, ਆਰਥਿਕ ਬੇਨਿਯਮਿਤਤਾ, ਖਰੀਦ ਪ੍ਰਕਿਰਿਆ ਵਿੱਚ ਅਨਿਯਮਿਤਤਾ, ਪ੍ਰਸ਼ਾਸਕੀ ਗੜਬੜੀ ਸਬੰਧੀ ਕਈ ਗੰਭੀਰ ਸ਼ਿਕਾਇਤਾਂ ’ਤੇ ਪੰਜਾਬ ਸਰਕਾਰ ਦਾ ਵਿਜੀਲੈਂਸ ਵਿਭਾਗ ਜਾਂਚ ਕਰ ਰਿਹਾ ਹੈ, ਜੋ ਉੱਚ ਅਧਿਕਾਰੀ ਖ਼ਿਲਾਫ਼ ਐੱਲ.ਓ.ਸੀ. ਜਾਰੀ ਹੋਣਾ ਵੀ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਅਰਸ਼ ਸੱਚਰ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦਾ ਵਿਕਾਸ ਸਾਡੀ ਪ੍ਰਾਇਰਟੀ ਹੈ ਪਰ ਇਹ ਵੀ ਯਕੀਨੀ ਬਣਾਉਣਾ ਜਰੂਰੀ ਹੈ ਕਿ ਜਨਤਾ ਦਾ ਪੈਸਾ ਪੂਰੀ ਪਾਰਦਰਸ਼ਤਾ ਨਾਲ ਖਰਚ ਹੋਵੇ। ਫੰਡਿੰਗ ਤਦ ਹੀ ਹੋਵੇ, ਜਦੋਂ ਵਿਜੀਲੈਂਸ ਜਾਂਚ ਪੂਰੀ ਹੋ ਜਾਵੇ ਅਤੇ ਜ਼ਿੰਮੇਵਾਰੀਆਂ ਤਹਿ ਹੋ ਜਾਣ। ਉਨ੍ਹਾਂ ਲੋਕ ਸਭਾ ਸਪੀਕਰ, ਪੰਜਾਬ ਵਿਧਾਨ ਸਭਾ ਸਪੀਕਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਚੱਲ ਰਹੀ ਵਿਜੀਲੈਂਸ ਜਾਂਚ ਦੀ ਪੂਰੀ ਸਥਿੱਤੀ ਸੰਸਦ ਮੈਂਬਰ ਅਤੇ ਸਬੰਧਤ ਅਧਿਕਾਰੀਆਂ ਨਾਲ ਸਾਂਝੀ ਕਰਨ, ਬਾਬਾ ਫਰੀਦ ਯੂਨੀਵਰਸਿਟੀ ਨੂੰ ਨਵੀਂ ਫੰਡਿੰਗ ਜਾਂ ਗਰਾਂਟ ਜਾਰੀ ਕਰਨ ਤੋਂ ਪਹਿਲਾਂ ਖ਼ਾਸ ਆਡਿਟ ਜਾਂ ਐਡਮਿਨਿਸਟਰੇਟਿਵ ਰਿਵਿਊ ਲਾਜ਼ਮੀ ਕਰਨ, ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਜ਼ਿੰਮੇਵਾਰ ਬਣਾਇਆ ਜਾਵੇ। ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਪੂਰੇ ਮਾਲਵਾ ਦੀ ਸਿਹਤ ਅਤੇ ਸਿੱਖਿਆ ਦੀ ਰੀੜ ਦੀ ਹੱਡੀ ਹੈ। ਵਿਕਾਸ ਚਾਹੀਦਾ ਹੈ ਪਰ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਤੋਂ ਬਿਨਾਂ ਨਹੀਂ। ਉਹਨਾਂ ਪੁੱਛਿਆ ਕਿ ਯੂਨੀਵਰਸਿਟੀ ਦੀ ਚੱਲ ਰਹੀ ਵਿਜੀਲੈਂਸ ’ਤੇ ਅਕਾਲੀ, ਭਾਜਪਾ ਅਤੇ ਕਾਂਗਰਸ ਦੇ ਆਗੂ ਚੁੱਪ ਕਿਉਂ ਹਨ?

