ਫਰੀਦਕੋਟ, 8 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਵਿੱਚ ਸਥਾਪਿਤ ਮੁਫਤ ਕਾਨੂੰਨੀ ਸੇਵਾ ਸੈਂਟਰ ਵਿੱਚ ਸ਼੍ਰੀਮਤੀ ਗੁਰਪ੍ਰੀਤ ਕੌਰ (ਸੀ.ਜੇ.ਐਮ.-ਕਮ-ਸੈਕਰੇਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਿਟੀ, ਫਰੀਦਕੋਟ) ਨੇ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਪੈਰਾ-ਲੀਗਲ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੈਸ਼ਨਲ ਲੀਗਲ ਸਰਵਿਜਸ ਅਥਾਰਿਟੀ ਵੱਲੋਂ ਹਰ ਜਿਲੇ ਵਿੱਚ ਕਰਵਾਏ ਜਾਣ ਵਾਲੇ ਪੈਨ ਇੰਡੀਆ ਜੋਨਲ ਰੀਲ ਮੇਕਿੰਗ ਅਤੇ ਸ਼ਾੱਟ ਫਿਲਮ ਕੰਪੀਟੀਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਸ ਕੰਪੀਟੀਸ਼ਨ ਦਾ ਮੁੱਖ ਮੰਤਵ ਭਾਰਤੀ ਨਾਗਰਿਕਾਂ ਵਿੱਚ ਕਾਨੂੰਨੀ ਵਿੱਦਿਆ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਉਹਨਾਂ ਪੈਰਾ ਲੀਗਲ ਵਲੰਟੀਅਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿ ਰਹੇ ਗਰੀਬ ਅਤੇ ਲੋੜਵੰਦਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਿਸ ਦੀਪਿਕਾ ਕੰਵਰ (ਇੰਚਾਰਜ, ਫਰੀ ਲੀਗਲ ਏਡ ਸਰਵਿਸਿਜ ਕਲੀਨਿਕ) ਨੂੰ ਹਰ ਮਹੀਨੇ ਮੁਫਤ ਕਾਨੂੰਨੀ ਸੇਵਾ ਦੇਣ ਲਈ ਸੈਮੀਨਾਰ ਅਤੇ ਕੈਂਪ ਲਾਉਣ ਅਤੇ ਹੋਰ ਗਤੀਵਿਧੀਆਂ ਕਰਵਾਉਣ ’ਤੇ ਵਧਾਈਆਂ ਦਿੱਤੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਜੱਜ ਸਾਹਿਬਾਨ ਦਾ ਕਾਲਜ ਵਿਖੇ ਪਹੁੰਚਣ ਅਤੇ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸੇਵਾ ਬਾਰੇ ਜਾਗਰੂਕ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਵੀ ਹਾਜਰ ਰਹੇ।