ਕੋਟਕਪੂਰਾ/ਫਰੀਦਕੋਟ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਜਸਕੀਰਤ ਸਿੰਘ, ਅਨਮੋਲ ਕੁਮਾਰ ਅਤੇ ਦਲਜੀਤ ਸਿੰਘ ਨੇ ਪ੍ਰੈਜੀਡੈਂਸੀ ਯੂਨੀਵਰਸਿਟੀ, ਬੈਂਗਲੌਰ (ਮੂਟ ਕੋਰਟ ਸੁਸਾਇਟੀ, ਸਕੂਲ ਆਫ ਲਾਅ) ਵੱਲੋਂ ਕਰਵਾਏ ਪਹਿਲੇ ਇੰਟਰਨੈਸ਼ਨਲ ਮੂਟ ਕੋਰਟ ਕੰਪੀਟੀਸ਼ਨ ਵਿੱਚ ਬੈਸਟ ਮੈਮੋਰੀਅਲ ਦਾ ਅਵਾਰਡ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਕੰਪੀਟੀਸ਼ਨ ਨੈਸ਼ਨਲ ਹਿਊਮਨ ਰਾਇਟ ਕਮਿਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਸ਼੍ਰੀਲੰਕਾ, ਸਿੰਘਾਪੁਰ, ਚਾਇਨਾ ਅਤੇ ਦੁਬਈ ਵਰਗੀਆਂ ਟੀਮਾਂ ਨੇ ਭਾਗ ਲਿਆ ਸੀ ਅਤੇ ਇਸ ਤੋਂ ਇਲਾਵਾ ਇਸ ਵਿੱਚ ਦੇਸ਼ ਦੀ ਚੋਟੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਆਦਿ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਨੇ ਵੀ ਭਾਗ ਲਿਆ ਸੀ। ਇਸ ਕੰਪੀਟੀਸ਼ਨ ਵਿੱਚ ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰਾਂ ਦੇ ਕੰਪੀਟੀਸ਼ਨਾਂ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਅੱਗੇ ਵਧਣ ਲਈ ਹੌਸਲਾ ਮਿਲਦਾ ਹੈ। ਉਹਨਾਂ ਕਿਹਾ ਕਿ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਰਵਾਏ ਕੰਪੀਟੀਸ਼ਨਾਂ ਵਿੱਚ ਹਿੱਸਾ ਲੈ ਕੇ ਕਾਲਜ ਦੇ ਨਾਮ ਨੂੰ ਵਿਸ਼ਵਪੱਧਰ ਉੱਪਰ ਪਹੁੰਚਾ ਰਹੇ ਹਨ। ਉਹਨਾਂ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕੀਤਾ, ਜੋ ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ) ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਇਆ ਕਰਵਾ ਰਹੀ ਹੈ। ਇਸ ਮੌਕੇ ਕਾਲਜ ਦੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਮੂਟ ਕੋਰਟ ਕਮੇਟੀ ਮੈਂਬਰ ਹਰਬੰਸ ਕੌਰ ਜੱਸੀ (ਅਸਿਸਟੈਂਟ ਪ੍ਰੋਫੈਸਰ), ਪਰਵਿੰਦਰ ਕੌਰ (ਅਸਿਸਟੈਂਟ ਪ੍ਰੋਫੈਸਰ) ਅਤੇ ਸਮੂਹ ਸਟਾਫ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

