ਫਰੀਦਕੋਟ, 6 ਜੂਨ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਫਰੀਦ ਲਾਅ ਕਾਲਜ ’ਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਦਾ ਥੀਮ ਹੈ ਜਮੀਨ ਦੀ ਬਹਾਲੀ ਮਾਰੂਥਲੀਕਰਨ ਅਤੇ ਸੋਕੇ ਦੀ ਲਚਕੀਲੀਤਾ ਅਤੇ ਸਲੋਗਨ ਹੈ ‘ਸਾਡੀ ਜਮੀਨ ਸਾਡਾ ਭਵਿੱਖ, ਅਸੀਂ ਹਾਂ-ਜਨਰੇਸ਼ਨ ਬਹਾਲੀ’। ਇਸ ਪ੍ਰੋਗਰਾਮ ਦਾ ਆਗਾਜ਼ ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵਲੋਂ ਇਕ ਪੌਦਾ ਲਾ ਕੇ ਕੀਤਾ ਗਿਆ। ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਵੱਖ-ਵੱਖ ਵਿਦਿਆਰਥੀਆਂ ਨੇ ਸੈਮੀਨਾਰ ’ਚ ਭਾਗ ਲਿਆ, ਜਿਨਾਂ ’ਚੋਂ ਕੁਸ਼ਲ ਕੌਸ਼ਲ (ਬੀ.ਏ.ਐੱਲ.ਐੱਲ.ਬੀ., ਭਾਗ-ਚੋਥਾ) ਨੇ ਵਿਸ਼ਵ ਵਾਤਾਵਰਣ ਦਿਵਸ ਦਾ ਇਤਿਹਾਸ, ਨਾਜ਼ਮੀਨ ਕੌਰ (ਬੀ.ਏ.ਐਲ.ਐਲ.ਬੀ., ਭਾਗ-ਤੀਜਾ) ਨੇ ਮਾਰੂਥਲੀਕਰਨ ਅਤੇ ਜਮੀਨ ਦੀ ਬਹਾਲੀ, ਤਿਸ਼ਾ ਅਰੋੜਾ (ਬੀ.ਏ.ਐੱਲਐੱਲ.ਬੀ, ਭਾਗ-ਦੂਜਾ ਨੇ) ਨੇ ਗਲੋਬਲ ਵਾਰਮਿੰਗ, ਨੇਜ਼ੀ ਚਾਵਲਾ (ਬੀ.ਏ.ਐਲਐਲ.ਬੀ, ਭਾਗ-ਤੀਜਾ) ਨੇ ਮੌਸਮੀ ਤਬਦੀਲੀ, ਰਾਬੀਆ (ਬੀ.ਏ.ਐਲਐਲ.ਬੀ, ਭਾਗ-ਪਹਿਲਾ) ਨੇ ਵਿਸ਼ਵ ਵਾਤਾਵਰਣ ਦਿਵਸ ਥੀਮ 2024 ਅਤੇ ਭਾਰਤ ਸਰਕਾਰ ਦੁਆਰਾ ਪਹਿਲਕਦਮੀਆਂ ਵਿਸ਼ਿਆਂ ’ਤੇ ਬੋਲਦਿਆਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਪ੍ਰਬੰਧਕ ਡਾ. ਪਰਮਿੰਦਰ ਸਿੰਘ ਅਤੇ ਡਾ. ਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਰੱਖੇ। ਡਾ. ਪਰਮਿੰਦਰ ਸਿੰਘ ਗੁਰਬਾਣੀ ਦੇ ਹਵਾਲੇ ਦੇ ਕੇ ਮਿੰਨੀ ਜੰਗਲ ਲਾਉਣ ਅਤੇ ਬੀਜ ਬਾਲ ਸੰਕਲਪ ’ਤੇ ਚਾਨਣਾ ਪਾਇਆ। ਡਾ. ਮਨਪ੍ਰੀਤ ਕੌਰ ਨੇ ਆਰਥਿਕ ਪੱਖ ਤੋਂ ਬੋਲਦਿਆਂ ਦੱਸਿਆ ਕਿ ਉਦਯੋਗਿਕ ਅਤੇ ਖੇਤੀਬਾੜੀ ਵਿਕਾਸ ਸਿੱਧੇ ਜਾਂ ਅਸਿੱਧੇ ਤੌਰ ’ਤੇ ਵਾਤਾਵਰਣ ਨੂੰ ਦਾਅ ਤੇ ਲਾਉਂਦਾ ਹੈ। ਇਸ ਲਈ ਵਾਤਾਵਾਰਣ ਨੂੰ ਤਰਜੀਹ ਦੇ ਕੇ ਹੀ ਵਿਕਾਸ ਬਾਰੇ ਸੋਚਣਾ ਚਾਹੀਦਾ ਹੈ। ਅੰਤ ਵਿੱਚ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਅਤੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਵਲੋਂ ਪ੍ਰੋਗਰਾਮ ਪ੍ਰਬੰਧਕਾਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਵੇਂ ਵਾਤਾਵਰਣ ਪ੍ਰਦੂਸ਼ਣ ਮਨੁੱਖੀ ਹੋਂਦ ਨੂੰ ਦਾਅ ਤੇ ਲਗਾ ਦਿੰਦਾ ਹੈ। ਉਹ ਚਾਹੇ ਖਾਣ-ਪੀਣ ਵਾਲੇ ਚੀਜ਼ਾਂ ਹੋਣ ਚਾਹੇ ਪ੍ਰਦੂਸ਼ਿਤ ਹਵਾ। ਕਰੋਨਾ ਦਾ ਹਵਾਲਾ ਦਿੰਦਿਆਂ ਪਿ੍ਰੰਸੀਪਲ ਸਾਹਿਬ ਨੇ ਕਿਹਾ ਕਿ ਮਨੁੱਖੀ ਦਖਲ ਅੰਦਾਜ਼ੀ ਕੇਵਲ ਧਰਤੀ ਤੱਕ ਹੀ ਨਹੀਂ ਸਗੋਂ ਪੁਲਾੜ ਵਿੱਚ ਵੀ ਈ-ਵੈਸਟ ਪੈਦਾ ਕਰਕੇ ਨੁਕਸਾਨ ਕਰ ਰਹੀ ਹੈ। ਨਤੀਜੇ ਵਜੋਂ ਗਲੋਬਲ ਵਾਰਮਿੰਗ ਵਧਣ ਨਾਲ ਗਲੇਸ਼ੀਅਰ ਪਿਘਲ ਕੇ ਟਾਪੂਆਂ ਨੂੰ ਡੋਬ ਰਹੇ ਹਨ ਅਤੇ ਹੋਰ ਭਾਰੀ ਕੁਦਰਤੀ ਆਫਤਾਂ ਪੈਦਾ ਹੋ ਰਹੀਆਂ ਹਨ। ਇਸੇ ਲਈ ਟਿਕਾਊ ਵਿਕਾਸ ’ਤੇ ਜ਼ੋਰ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਜਿਸ ਦਾ ਅਰਥ ਹੈ ਪਹਿਲਾ ਬੰਦੋਬਸਤ ਕਰੋ ਫਿਰ ਵਰਤੋ ਕਰੋ। ਪਿ੍ਰੰਸੀਪਲ ਸਾਹਿਬ ਨੇ ਮਨੇਜਮੈਂਟ ਕਮੇਟੀ ਵੱਲੋਂ ਭਰੋਸਾ ਦਿਵਾਇਆ ਕਿ ਸਮਾਜ ਅਤੇ ਵਾਤਾਵਰਣ ਦੀ ਹਿੱਤ ਲਈ ਕਮੇਟੀ ਦਾ ਸੰਪੂਰਨ ਸਹਿਯੋਗ ਹਮੇਸ਼ਾ ਹੀ ਮਿਲਦਾ ਰਹੇਗਾ। ਇਸ ਮੌਕੇ ਡਾ. ਮਨੀਸ਼ ਖੁੰਗਰ, ਅਸਿਸਟੈਂਟ ਪ੍ਰੋਫੈਸਰ ਦੀਪਕ ਬਾਂਸਲ ਅਤੇ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।