ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲ ਪ੍ਰਾਪਤ ਵਿਦਿਆਰਥਣਾ ਸਨਮਾਨਿਤ
ਫਰੀਦਕੋਟ, 24 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ “ਸਾਰੰਗ ਐਂਡ ਬਲੈਸਿੰਗ’’ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਕਾਲਜ ਮੈਨੈਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਡਾ. ਗੁਰਇੰਦਰਮੋਹਨ ਸਿੰਘ, ਗੁਰਜਾਪ ਸਿੰਘ ਸੇਖੋਂ, ਅਤੇ ਬਾਬਾ ਫਰੀਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਵੀ ਹਾਜ਼ਿਰ ਰਹੇ। ਕਾਲਜ ਪਹੁੰਚਣ ’ਤੇ ਮੁੱਖ ਮਹਿਮਾਨ ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ), ਮੈਨੇਜਿੰਗ ਕਮੇਟੀ ਮੈਂਬਰ ਸਾਹਿਬਾਨ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨਿਆਂ ਦੀ ਦੇਵੀ ਨੂੰ ਫੁੱਲ ਭੇਂਟ ਕਰਦੇ ਹੋਏ ਨਤਮਸਤਕ ਹੋਏ। ਇਸ ਸਮਾਗਮ ਵਿੱਚ ਕਾਲਜ ਦੇ ਯੂਨੀਵਰਸਿਟੀ ਗੋਲਡ ਮੈਡਲ ਪ੍ਰਾਪਤ ਵਿਦਿਆਰਥਣਾਂ ਮਿਸ. ਮੁਸਕਾਨ ਗਰਗ (ਬੀ.ਏ.ਐਲ.ਐਲ.ਬੀ. 2017-2022) ਅਤੇ ਮਿਸ. ਯਾਦਵਿੰਦਰ ਕੌਰ (ਐਲ.ਐਲ.ਬੀ. 2019-2022) ਨੂੰ ਸਨਮਾਨਿਤ ਕਰਨ ਲਈ ਸੱਦਾ ਦਿੱਤਾ ਗਿਆ। ਸਮਾਗਮ ਦਾ ਆਗਾਜ਼ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਉਪਰੰਤ ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਉਪਰੰਤ ਕਾਮੇਡੀ ਨਿਊਜ਼ ਅਤੇ ਗੀਤ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਦੇ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਵ: ਇੰਦਰਜੀਤ ਸਿੰਘ ਖਾਲਸਾ (ਫਾਊਂਡਰ ਚੇਅਰਮੈਨ) ਦੁਆਰਾ ਸ਼ੁਰੂ ਕੀਤੀ ਇਹ ਸੰਸਥਾ ਅੱਜ ਉਚਾਈ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ ਇਹ ਉਹਨਾਂ ਦੀ ਸਖਤ ਮਿਹਨਤ ਅਤੇ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਸਿਮਰਜੀਤ ਸਿੰਘ ਸੇਖੋਂ ਨੇ ਯੂਨੀਵਰਸਿਟੀ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰਾਂ ਦੇ ਮਾਣ ਪ੍ਰਾਪਤ ਕਰਨ ਵਿੱਚ ਵਿਦਿਆਰਥਣਾਂ ਦੇ ਮਾਪਿਆਂ ਅਤੇ ਕਾਲਜ ਦੇ ਪ੍ਰੋਫੈਸਰਾਂ ਦੀ ਸਖਤ ਮਿਹਨਤ ਛੁਪੀ ਹੋਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਵਿਸ਼ੇ ਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਪੰਜਾਬੀ ਨਾਚ ਦੀ ਪੇਸ਼ਕਸ਼ ਨੇ ਸਮਾਗਮ ਵਿੱਚ ਸੱਭਿਆਚਾਰਕ ਰੰਗ ਬੰਨਿਆ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੋਲਡ ਮੈਡਲ ਪ੍ਰਾਪਤ ਕਾਲਜ ਦੀਆਂ ਵਿਦਿਆਰਥਣਾਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਐਨ.ਸੀ.ਸੀ. ਦੇ ਕੈਡਿਟਸ ਦੁਆਰਾ ਫਿਰੋਜਪੁਰ ਵਿੱਚ ਲੱਗੇ ਕੈਂਪ ਦੌਰਾਨ ਸੱਭਿਆਚਾਰ ਅਤੇ ਸ਼ੂਟਿੰਗ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਕੈਡਿਟਸ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋ ਬਾਅਦ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀਆਂ ਦੇ ਪ੍ਰਸਿੱਧ ਲੋਕਨਾਚ ਭੰਗੜੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸਮਾਗਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਸਮਾਗਮ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਸਦਾ ਹੀ ਬਾਬਾ ਫਰੀਦ ਲਾਅ ਕਾਲਜ ਦਾ ਨਾਮ ਚਮਕਾਇਆ ਹੈ ਅਤੇ ਅੱਜ ਉਹਨਾਂ ਵਿੱਚੋਂ ਦੋ ਵਿਦਿਆਰਥਣਾਂ ਮਿਸ. ਮੁਸਕਾਨ ਗਰਗ ਅਤੇ ਮਿਸ. ਯਾਦਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾਸ੍ਰੋਤ ਹਨ। ਉਹਨਾਂ ਸਮੂਹ ਟੀਚਿੰਗ, ਨਾਨ-ਟੀਚਿੰਗ ਅਤੇ ਸਪੋਰਟਿੰਗ ਸਟਾਫ ਦਾ ਧੰਨਵਾਦ ਕੀਤਾ, ਜਿਨਾਂ ਆਪਣੀ-ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।