ਫਰੀਦਕੋਟ, 10 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਸੰਵਿਧਾਨਿਕ ਸੋਧ ਐਕਟ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀਮਤੀ ਗੁਰਪ੍ਰੀਤ ਕੌਰ (ਚੀਫ ਜੁਡੀਸ਼ੀਅਲ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਰੀਦਕੋਟ) ਨੇ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਪਵਿਤ ਸੋਹਲ (ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਕੀਤੀ। ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਅਤੇ ਕਾਨੂੰਨੀ ਸੇਵਾਵਾਂ (ਮੁਫਤ ਕਾਨੂੰਨੀ ਸਹਾਇਤਾ) ਬਾਰੇ ਜਾਣਕਾਰੀ ਦਿੱਤੀ। ਪਵਿਤ ਸੋਹਲ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਬਣਤਰ, ਸੰਵਿਧਾਨਿਕ ਸੋਧਾਂ, ਬੁਨਿਆਦੀ ਢਾਂਚੇ ਦੇ ਸਿਧਾਂਤ ਅਤੇ ਮੌਲਿਕ ਅਧਿਕਾਰਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਕਾਨੂੰਨੀ ਸੋਧਾਂ ਤੇ ਚਰਚਾ ਕਰਦੇ ਹੋਏ ਵਿਦਿਆਰਥੀਆਂ ਨੇ ਮਹਿਮਾਨਾਂ ਤੋਂ ਸਵਾਲ ਵੀ ਪੁੱਛੇ, ਜਿਨਾਂ ਦੇ ਉਹਨਾਂ ਨੇ ਵਿਦਿਆਰਥੀਆਂ ਨੂੰ ਤਸੱਲੀਬਖਸ਼ ਜਵਾਬ ਦਿੱਤੇ। ਇਸ ਮੌਕੇ ਡਾ. ਗੁਰਇੰਦਰ ਮੋਹਨ ਸਿੰਘ ਵੱਲੋਂ ਇਸ ਸੈਮੀਨਾਰ ਦੀ ਪ੍ਰਸੰਸਾ ਕੀਤੀ ਗਈ ਜੋ ਪਿਛਲੇ 13 ਸਾਲਾਂ ਤੋਂ ਲੋਕ ਅਦਾਲਤਾਂ ਦੀ ਵੀ ਸੇਵਾ ਨਿਭਾ ਰਹੇ ਹਨ। ਕਾਲਜ ਦੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਵਿਧਾਨ ਇੱਕ ਸਰਵਉੱਚ ਕਾਨੂੰਨੀ ਦਸਤਾਵੇਜ ਹੈ ਜੋ ਕਿ ਸਮਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਮੁੱਖ ਭੂਮਿਕਾ ਨਿਭਾਉਂਦਾ ਹੈ। ਉਹਨਾਂ ਆਏ ਹੋਏ ਮਹਿਮਾਨਾਂ ਸਾਹਿਬਾਨ ਦਾ ਧੰਨਵਾਦ ਕੀਤਾ ਜਿਨਾਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਕਾਲਜ ਪ੍ਰਸ਼ਾਸ਼ਨ ਅਤੇ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।