ਫਰੀਦਕੋਟ , 11 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਬਾਬਾ ਫਰੀਦ ਜੀ ਦੇ ਨਾਂਅ ’ਤੇ ਸਥਾਪਿਤ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਚਲਾ ਰਹੀ ਮੈਨੇਜਮੈਂਟ ਕਮੇਟੀ ਦਾ ਵਿਵਾਦ ਸਿਖਰ ’ਤੇ ਪਹੁੰਚ ਗਿਆ ਹੈ। ਮੈਨੇਜਮੈਂਟ ਕਮੇਟੀ ਨੇ ਬਾਬਾ ਫਰੀਦ ਸਕੂਲ ਦੀ ਪਿ੍ਰੰਸੀਪਲ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪਿ੍ਰੰਸੀਪਲ ਕੁਲਦੀਪ ਕੌਰ ਅੱਜ ਪੁਲੀਸ ਦੀ ਸਹਾਇਤਾ ਨਾਲ ਆਪਣੇ ਦਫਤਰ ਗਈ ਪਰ ਉਸ ਨੂੰ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਗਿਆ। ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਪਿ੍ਰੰਸੀਪਲ ਨੇ ਇਲਜਾਮ ਲਾਇਆ ਹੈ ਕਿ ਉਸ ਦੇ ਦਫਤਰ ਜਿੰਦਰੇ ਤੋੜ ਕੇ ਉੱਥੋਂ ਰਿਕਾਰਡ ਖੁਰਦ-ਬੁਰਦ ਕੀਤਾ ਗਿਆ ਹੈ। ਪਿ੍ਰੰਸੀਪਲ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੇਜਮੈਂਟ ਕਮੇਟੀ ਨਿਯਮਾਂ ਮੁਤਾਬਿਕ ਨਹੀਂ ਚੁਣੀ ਗਈ। ਉਸ ਨੂੰ ਕਿਸੇ ਵੀ ਸਕੂਲ ਜਾਂ ਕਾਲਜ ਦੇ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਅਧਿਕਾਰ ਨਹੀਂ ਹਨ। ਕਮੇਟੀ ਦੇ ਕੁਝ ਮੈਂਬਰਾਂ ਨੇ ਵੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਿੰਦਰੇ ਤੋੜਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਮੰਗੀ ਹੈ। ਦੱਸਣਯੋਗ ਹੈ ਕਿ ਬਾਬਾ ਫਰੀਦ ਸੁਸਾਇਟੀ ਦੇ ਫਾਉਂਡਰ ਇੰਦਰਜੀਤ ਸਿੰਘ ਖਾਲਸਾ ਜੀ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ, ਉਸ ਮਗਰੋਂ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਆਪਸੀ ਟਕਰਾਅ ਵੱਧ ਗਿਆ ਹੈ। ਬਾਬਾ ਫਰੀਦ ਸੁਸਾਇਟੀ ਹਜਾਰਾਂ ਕਰੋੜ ਦੀ ਜਾਇਦਾਦ ਦੀ ਮਾਲਕ ਹੈ। ਬਾਬਾ ਫਰੀਦ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਨੇ ਕਿਹਾ ਕਿ ਪਿ੍ਰੰਸੀਪਲ ਕੁਲਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਸਕੂਲ ’ਚ ਆਉਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਪਿ੍ਰੰਸੀਪਲ ਦਫਤਰ ਦੇ ਜਿੰਦਰੇ ਰਿਕਾਰਡ ਖੁਰਦ-ਬੁਰਦ ਕਰਨ ਲਈ ਨਹੀਂ ਤੋੜੇ ਗਏ, ਬਲਕਿ ਦਫਤਰ ਦੀ ਇੱਕ ਬਾਰੀ ਖੁੱਲ੍ਹੀ ਹੋਈ ਸੀ ਅਤੇ ਕੁਝ ਮੁਰੰਮਤ ਦਾ ਕੰਮ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਕੁਲਦੀਪ ਕੌਰ ਨੇ ਦਫਤਰ ਦੀਆਂ ਚਾਬੀਆਂ ਨਹੀਂ ਦਿੱਤੀਆਂ, ਜਿਸ ਕਰਕੇ ਉਨ੍ਹਾਂ ਨੂੰ ਜਿੰਦਰਾ ਤੋੜਨਾ ਪਿਆ।