ਕੋਟਕਪੂਰਾ, 12 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਨ ਵੱਲੋਂ ਬਾਬਾ ਫਰੀਦ ਪਬਲਿਕ ਸਕੂਲ ਦੇ ਗੁਰੂਦੁਆਰਾ ਸਾਹਿਬ ਵਿਖੇ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਪਾਵਨ ਯਾਦ ਵਿੱਚ ਭਾਵਪੂਰਨ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇੰਦਰਜੀਤ ਸਿੰਘ ਖਾਲਸਾ ਜੀ, ਜੋ ਫਰੀਦਕੋਟ ਦੇ ਉੱਘੇ ਵਕੀਲ, ਬਾਬਾ ਫਰੀਦ ਸੰਸਥਾਵਾਂ ਦੇ ਸੰਸਥਾਪਕ ਜਿਨ੍ਹਾਂ ਵਿੱਚ ਟਿੱਲਾ ਬਾਬਾ ਫਰੀਦ ਜੀ, ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫਰੀਦ ਪਬਲਿਕ ਸਕੂਲ ਅਤੇ ਲਾਅ ਕਾਲਜ ਹਨ, ਨਿਮਰ ਸੇਵਾਦਾਰ ਅਤੇ ਸਮਾਜ-ਸੁਧਾਰਕ ਵਜੋਂ ਜਾਣੇ ਜਾਂਦੇ ਸਨ, ਖਾਲਸਾ ਜੀ ਨੇ ਫਰੀਦਕੋਟ ਨੂੰ ਜਿਲ੍ਹਾ ਬਣਾਉਣ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਨੂੰ ਫਰੀਦਕੋਟ ਵਿਖੇ ਸਥਾਪਿਤ ਕਰਵਾਉਣ ਲਈ ਵੀ ਭਰਪੂਰ ਯੋਗਦਾਨ ਪਾਇਆ ਸੀ। ਉਹਨਾਂ ਦੇ ਯੋਗਦਾਨ ਨੂੰ ਸਤਿਕਾਰ ਭਾਵ ਨਾਲ ਯਾਦ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਨੇ ਸਾਰੇ ਮਾਹੌਲ ਨੂੰ ਸ਼ਾਂਤੀ ਨਾਲ ਭਰ ਦਿੱਤਾ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ, ਜਿਸ ਨੇ ਸੰਗਤ ਦੇ ਮਨਾਂ ਨੂੰ ਗਹਿਰਾਈ ਨਾਲ ਛੂਹਿਆ। ਸੰਬੋਧਨ ਦੌਰਾਨ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਖਾਲਸਾ ਜੀ ਸੱਚੇ ਅਰਥਾਂ ਵਿਚ ‘ਸੇਵਾ ਭਾਵਨਾ’, ‘ਅਨੁਸ਼ਾਸਨ ਅਤੇ ‘ਨਿਮਰਤਾ’ ਦੇ ਪ੍ਰਤੀਕ ਸਨ। ਉਹਨਾਂ ਨੇ ਜੀਵਨ ਭਰ ਲੋਕਾਂ ਦੀ ਭਲਾਈ, ਧਾਰਮਿਕ ਸੇਵਾ ਅਤੇ ਸਮਾਜ ਨੂੰ ਜੋੜਨ ਲਈ ਮਹੱਤਵਪੂਰਨ ਯਤਨ ਕੀਤੇ। ਉਹਨਾਂ ਦੀ ਜੀਵਨ-ਰਾਹੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ।
ਸਮਾਰੋਹ ਦੇ ਅੰਤ ‘ਤੇ ਅਰਦਾਸ ਕੀਤੀ ਨਾਲ ਹੀ ਸਭ ਨੇ ਉਹਨਾਂ ਦੇ ਦਿਖਾਏ ਹੋਏ ਰਸਤੇ ‘ਤੇ ਵੀ ਚਲਣ ਦਾ ਪ੍ਰਣ ਕੀਤਾ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰ, ਬਾਬਾ ਫਰੀਦ ਲਾਅ ਕਾਲਜ ਅਤੇ ਬਾਬਾ ਫਰੀਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਵੀ ਸ਼ਾਮਿਲ ਸਨ।

