ਬਾਬਾ ਫ਼ਰੀਦ ਜੀ ਦੇ ਆਗਮਨ-ਪੁਰਬ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਬੇਨਤੀ : ਸਿਮਰਜੀਤ ਸਿੰਘ ਸੇਖੋਂ
ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਬਾਬਾ ਫਰੀਦ ਆਗਮਨ-ਪੁਰਬ ਦੌਰਾਨ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੇਖੋਂ ਸਾਹਿਬ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਮੇਲਾ ਇਸ ਸਾਲ ਵੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਸੰਗਤਾਂ ਅੱਗੇ ਅਪੀਲ ਕੀਤੀ ਕੀ ਮੇਲੇ ਦੌਰਾਨ ਸਫ਼ਾਈ ਦਾ ਖ਼ਾਸ ਤੋਰ ‘ਤੇ ਧਿਆਨ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ, ਨਾ ਹੀ ਲਿਫ਼ਾਫ਼ੇ ਅਤੇ ਹੋਰ ਗੰਦਗੀ ਸੜਕਾ ‘ਤੇ ਸੁੱਟਣ। ਉਹਨਾਂ ਕਿਹਾ ਕਿ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਉਹਨਾਂ ਨੇ ਸਰਕਾਰ ਨੂੰ ਵੀ ਪੁਖਤਾ ਪ੍ਰਬੰਧਾ ਲਈ ਬੇਨਤੀ ਕਰਦਿਆਂ ਕਿਹਾ ਕਿ ਐਬੂਲੈਂਸ ਲਈ ਵੀ ਖ਼ਾਸ ਰੂਟ ਬਣਾਏ ਜਾਣ ਤਾਂ ਜੋ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਸੰਗਤਾਂ ਅੱਗੇ ਬੇਨਤੀ ਕੀਤੀ ਕਿ ਮੇਲੇ ਨੂੰ ਸਫ਼ਲਤਾਪਰੂਵਕ ਨੇਪਰੇ ਚਾੜਣ ਲਈ ਉਹ ਆਪਣਾ ਪੂਰਾ ਸਹਿਯੋਗ ਪਾਉਣ ਤੇ ਨਾਲ ਹੀ ਪ੍ਰਸ਼ਾਸਨ ਸੰਗਤਾਂ ਦੀ ਸੁਰੱਖਿਆ ਲਈ ਪੂਰਾ ਸਹਿਯੋਗ ਦੇਵੇ। ਇਸ ਮੌਕੇ ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ 19 ਸਤੰਬਰ ਤੋਂ 23 ਸਤੰਬਰ ਤੱਕ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਜਿਸ ਵਿੱਚ ਕਥਾਵਾਚਕ ਅਤੇ ਕੀਰਤਨੀਏ ਸਗੰਤਾਂ ਨੂੰ ਆਪਣੇ ਕੀਰਤਨ ਨਾਲ ਨਿਹਾਲ ਕਰਨਗੇ। ਉਹਨਾਂ ਨੇ ਦੱਸਿਆ ਕਿ 19 ਅਤੇ 20 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਕਥਾ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਅਤੇ 21 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਆਖੰਡ ਪਾਠ ਆਰੰਭ ਹੋਣਗੇ, 21 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਕਥਾ ਅਤੇ ਕੀਰਤਨ ਦਰਬਾਰ ਸਜਾਏ ਜਾਣਗੇ, 23 ਸਤੰਬਰ ਨੂੰ ਆਖੰਡ ਪਾਠ ਦੇ ਭੋਗ ਉਪਰੰਤ ਟਿੱਲਾ ਬਾਬਾ ਫਰੀਦ ਤੋਂ ਨਗਰ ਕੀਰਤਨ ਸ਼ੁਰੂ ਹੋਣਗੇ, ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਪਤੀ ਸਮੇਂ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਸੰਗਤਾਂ ਦੀ ਹਾਜ਼ਰੀ ਦੌਰਾਨ ਬਾਬਾ ਫਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਨਿਟੀ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਵੀ ਦਿੱਤੇ ਜਾਣਗੇ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਤੋਂ ਚਰਨਜੀਤ ਸਿੰਘ ਸੇਖੋਂ, ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਕੁਲਜੀਤ ਸਿੰਘ ਮੋਂਗੀਆ ਅਤੇ ਨਰਿੰਦਰ ਪਾਲ ਸਿੰਘ ਬਰਾੜ ਮੈਂਬਰਜ਼ ਵੀ ਸ਼ਾਮਿਲ ਸਨ।