ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਯੋਜਿਤ ਮੁਕਾਬਲਿਆਂ ਵਿੱਚ ਗੂੰਜਿਆ ਬਾਬਾ ਫ਼ਰੀਦ ਪਬਲਿਕ ਸਕੂਲ ਦਾ ਨਾਮ
ਫਰੀਦਕੋਟ 4 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੇ ਪਵਿੱਤਰ ਅਵਸਰ ਉੱਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫ਼ਰੀਦਕੋਟ ਵੱਲੋਂ ਆਯੋਜਿਤ ਵੱਖ-ਵੱਖ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਾਬਲੀਅਤ , ਸਿੱਖਿਆ ਪ੍ਰਤੀ ਸਮਰਪਣ ਅਤੇ ਸੱਭਿਆਚਾਰ ਪ੍ਰੇਮ ਦਾ ਉੱਤਮ ਨਮੂਨਾ ਪੇਸ਼ ਕੀਤਾ। ਡਰਾਇੰਗ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਰਚਨਾਤਮਕ ਸੋਚ ਅਤੇ ਕਲਾ-ਕੁਸ਼ਲਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਕਿਰਤਰੂਪ ਕੌਰ ਅਤੇ ਅਭਿਜੋਤ ਸਿੰਘ ਨੇ ਕੰਸੋਲੇਸ਼ਨ ਇਨਾਮ ਹਾਸਲ ਕਰਦੇ ਹੋਏ ਆਪਣੀ ਗਿਆਨ-ਸਮਰੱਥਾ ਦਾ ਪ੍ਰਮਾਣ ਦਿੱਤਾ।ਦਸਤਾਰ-ਬੰਦੀ ਮੁਕਾਬਲੇ ਵਿੱਚ ਪਹੁਲਪ੍ਰੀਤ ਸਿੰਘ ਨੇ ਪਹਿਲਾ ਤੇ ਮਨਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿੱਖ ਸੱਭਿਆਚਾਰ ਪ੍ਰਤੀ ਆਪਣੀ ਸ਼ਰਧਾ ਤੇ ਹੁਨਰ ਨਾਲ ਸਭ ਦਾ ਦਿਲ ਜਿੱਤ ਲਿਆ। ਸਕੂਲ ਦੀ ਕਾ.ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਜੀ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਮਿਲਿਆ-ਜੁਲਿਆ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਫ਼ਰੀਦ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੀ ਸਮੂਹਿਕ ਵਿਕਾਸ ਪ੍ਰਤੀ ਵਚਨਬੱਧ ਰਿਹਾ ਹੈ। ਕਾ.ਵਾਈਸ ਪ੍ਰਿੰਸੀਪਲ ਹਰਸਿਮਰਨ ਕੌਰ ਜੀ ਨੇ ਕਿਹਾ ਕਿ ਸਾਡੇ ਵਿਦਿਆਰਥੀ ਸਿਰਫ਼ ਅਕਾਦਮਿਕ ਖੇਤਰ ਵਿਚ ਹੀ ਨਹੀਂ, ਸਗੋਂ ਹਰ ਖੇਤਰ ਵਿੱਚ ਆਪਣੀ ਲਗਨ ਅਤੇ ਅਨੁਸ਼ਾਸਨ ਨਾਲ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ। ਬਾਬਾ ਫ਼ਰੀਦ ਸਕੂਲ ਦੀ ਸਮੁੱਚੀ ਮੈਨੇਜਮੈਂਟ ਵੱਲੋ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।

