ਫਰੀਦਕੋਟ , 13 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਾਲਜ ਆਫ ਐਜ਼ੂਕੇਸ਼ਨ ਵਿੱਚ ’ਬਾਲ ਦਿਵਸ’ ਮੌਕੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਬੀ. ਐੱਡ ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੇ ’ਬਾਲ ਦਿਵਸ’ ਸਬੰਧਤ ਆਪਣੇ ਵਿਚਾਰ ਕਵਿਤਾਵਾਂ, ਗੀਤ, ਭਾਸ਼ਣ ਆਦਿ ਰਾਹੀਂ ਪੇਸ਼ ਕੀਤੇ। ਇਸ ਦੌਰਾਨ ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਵਿਦਿਆਰਥੀਆਂ ਨੂੰ ‘ਬਾਲ ਦਿਵਸ’ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇਸ ਦਿਨ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ, ਕਿਉਂਕਿ ਉਹਨਾਂ ਦਾ ਬੱਚਿਆਂ ਨਾਲ ਬਹੁਤ ਲਗਾਵ ਸੀ। ਉਹ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਉਹਨਾਂ ਦਾ ਜਨਮ 14 ਨਵੰਬਰ 1889 ਵਿੱਚ ਹੋਇਆ। ਉਹਨਾਂ ਦਾ ਦੇਸ਼ ਅਤੇ ਦੇਸ਼ ਵਾਸੀਆਂ ਪ੍ਰਤੀ ਪਿਆਰ ਕਾਰਨ ਉਹ ਸਾਰੇ ਭਾਰਤ ਵਾਸੀਆਂ ਦੇ ਹਰਮਨ ਪਿਆਰੇ ਨੇਤਾ ਸਨ। ਇਸਦੇ ਨਾਲ ਹੀ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਅਹਿਮ ਕਾਰਜ ਕੀਤੇ ਜੋ ਅਜਾਦ ਭਾਰਤ ਲਈ ਬਹੁਤ ਜਰੂਰੀ ਸਨ। ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ।