16 ਗਜਟਿਡ ਅਧਿਕਾਰੀਆਂ ਸਮੇਤ 1200 ਦੇ ਕਰੀਬ ਪੁਲਿਸ ਕਰਮਚਾਰੀ ਡਿਊਟੀ ’ਤੇ ਰਹੇ ਤਾਇਨਾਤ : ਐਸਐਸਪੀੇ
ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ਮੌਕੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਗਭਗ 1200 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਰਹੇ, ਜਿਹਨਾ ਵਿੱਚ 16 ਗਜਟਿਡ ਅਫ਼ਸਰ ਵੀ ਸ਼ਾਮਲ ਸਨ, ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਅਹਿਮ ਪਵਿੱਤਰ ਅਤੇ ਭੀੜ-ਭਾੜ ਵਾਲੇ ਥਾਵਾਂ ਉੱਤੇ 41 ਨਾਕਾਬੰਦੀਆਂ ਅਤੇ ਟਰੈਫਿਕ ਡਾਇਵਰਜਨ ਪੁਆਂਇੰਟ ਬਣਾਏ ਗਏ, ਤਾਂ ਜੋ ਆਵਾਜਾਈ ਵਿਚ ਰੁਕਾਵਟ ਨਾ ਆਏ ਤੇ ਕਿਸੇ ਵੀ ਤਰ੍ਹਾਂ ਦੀ ਉਲਝਣ ਤੋਂ ਬਚਿਆ ਜਾ ਸਕੇ।ਉਨਾ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ 3 ਫੁੱਟ ਪੈਟਰੋਲਿੰਗ ਟੀਮਾਂ, 8 ਪੀ.ਸੀ.ਆਰ ਟੀਮਾ ਅਤੇ ਘੋੜਸਵਾਰ ਦਲ ਵੱਲੋਂ ਲਗਾਤਾਰ ਗਸ਼ਤ ਕੀਤੀ ਗਈ। ਨਾਲ ਹੀ ਐਟੀਸਾਬੋਟੇਜ ਅਤੇ ਡਾਗ ਸਕਾਡ ਟੀਮਾਂ ਵੱਲੋਂ ਦਿਨ-ਰਾਤ ਸ਼ਹਿਰ ਦੇ ਸੰਵੇਦਨਸ਼ੀਲ ਥਾਵਾਂ ’ਤੇ ਤਲਾਸ਼ੀ ਲਈ ਰੂਟੀਨ ਕਾਰਵਾਈਆਂ ਕੀਤੀਆਂ ਗਈਆਂ। ਸਮਾਗਮ ਦੌਰਾਨ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਧੁਨਿਕ ਤਕਨੀਕਾਂ ਦੀ ਵੀ ਵਰਤੋਂ ਕੀਤੀ ਗਈ। ਸੀ.ਸੀ.ਟੀ.ਵੀ ਕੈਮਰਿਆ ਅਤੇ ਡਰੋਨਸ ਰਾਹੀਂ ਸ਼ਹਿਰ ਦੀ ਹਵਾਈ ਨਿਗਰਾਨੀ ਰੱਖੀ ਗਈ। ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਗੋਤਾਖੋਰ, ਐਂਬੂਲੈਂਸ ਅਤੇ ਅੱਗ ਬੁਝਾਉਣ ਵਾਲੀਆਂ ਟੀਮਾਂ ਨੂੰ ਵੀ ਚੌਕਸ ਰੱਖਿਆ ਗਿਆ। ਫਰੀਦਕੋਟ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਉਸ ਵੇਲੇ ਹਾਸਲ ਹੋਈ, ਜਦੋਂ ਭੀੜ-ਭਾੜ ਵਾਲੀਆਂ ਥਾਵਾਂ ਉੱਤੇ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਗਿਰੋਹ ਦੇ 14 ਮੈਂਬਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਮਾਲ, ਨਕਦੀ ਅਤੇ ਜਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ।