ਡਿਪਟੀ ਕਮਿਸ਼ਨਰ ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
13 ਤੋਂ 23 ਤੱਕ ਕਰਾਫਟ ਮੇਲਾ ਅਤੇ 19 ਤੋਂ 23 ਤੱਕ ਹੋਵੇਗਾ ਮੁੱਖ ਮੇਲਾ : ਡਿਪਟੀ ਕਮਿਸ਼ਨਰ
ਫ਼ਰੀਦਕੋਟ, 23 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਵਿਚ ਹਰ ਸਾਲ ਸਤੰਬਰ ਮਹੀਨੇ ਵਿੱਚ ਮਨਾਏ ਜਾਂਦੇ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ 2025 ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ-ਕਮ-ਚੇਅਰਪਸਨ, ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਪੂਨਮਦੀਪ ਕੌਰ ਨੇ ਵੱਖ-ਵੱਖ ਕਮੇਟੀਆਂ ਦੇ ਇੰਚਾਰਜਾਂ, ਜ਼ਿਲ੍ਹਾ ਅਧਿਕਾਰੀਆਂ ਅਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਲਚਰਲ ਕਮੇਟੀ, ਕੰਪੀਟੀਸ਼ਨ ਕਮੇਟੀ, ਪਬਲੀਸਿਟੀ ਕਮੇਟੀ, ਵੈਨਿਊ ਅਤੇ ਸਟੇਜ ਕਮੇਟੀ, ਸੁਰੱਖਿਆ, ਸਫਾਈ, ਸਿਹਤ ਸੇਵਾਵਾਂ, ਟਰੈਫ਼ਿਕ ਵਿਭਾਗ, ਫਾਇਰ ਸੇਵਾਵਾਂ, ਐਂਬੂਲੈਂਸ ਅਤੇ ਹੋਰ ਲੋੜੀਂਦੇ ਸਹਿਯੋਗੀ ਵਿਭਾਗਾਂ ਨੂੰ ਤਿਆਰੀਆਂ ਨੂੰ ਮੁਕੰਮਲ ’ਤੇ ਪ੍ਰਭਾਵਸ਼ਾਲੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਆਪਣੀ ਭੂਮਿਕਾ ਜ਼ਿੰਮੇਵਾਰੀ ਨਾਲ ਨਿਭਾਏ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਉਨ੍ਹਾਂ ਤਿਆਰੀਆਂ ਨੂੰ ਹੋਰ ਜ਼ਮੀਨੀ ਪੱਧਰ ’ਤੇ ਲਿਆਉਣ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਇਹ ਮੇਲਾ ਸਿਰਫ਼ ਧਾਰਮਿਕ ਹੀ ਨਹੀਂ ਸਗੋਂ ਪੰਜਾਬੀ ਸਭਿਆਚਾਰ, ਵਿਰਾਸਤ ਦਾ ਵੀ ਪ੍ਰਤੀਕ ਹੈ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2025 ਮੁੱਖ ਮੇਲਾ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਇਆ ਜਾਵੇਗਾ। ਇਨ੍ਹਾਂ ਦਿਨਾਂ ਦੌਰਾਨ ਵੱਡੇ ਪੱਧਰ ’ਤੇ ਧਾਰਮਿਕ, ਸੱਭਿਆਚਾਰਕ ਅਤੇ ਰਚਨਾਤਮਕ ਸਮਾਗਮ ਕਰਵਾਏ ਜਾਣਗੇ। ਇਸ ਦੇ ਨਾਲ-ਨਾਲ ਕਰਾਫਟ ਮੇਲਾ ਇਸ ਵਾਰ 13 ਸਤੰਬਰ ਤੋਂ 23 ਸਤੰਬਰ 2025 ਤੱਕ ਦਾਣਾ ਮੰਡੀ, ਫਿਰੋਜ਼ਪੁਰ ਰੋਡ, ਫ਼ਰੀਦਕੋਟ ਵਿਖੇ ਆਯੋਜਿਤ ਕੀਤੇ ਜਾਣ ਦੀ ਤਜਵੀਜ ਹੈ ਜਿਸ ਵਿੱਚ ਜੋ ਦੇਸ਼-ਭਰ ਤੋਂ ਆਏ ਕਲਾਕਾਰਾਂ ਅਤੇ ਹੱਥ ਕਲਾਵਾਂ ਨਾਲ ਸਬੰਧਤ ਕਾਰੀਗਰਾਂ ਦੀਆਂ ਕਲਾ ਕ੍ਰਿਤਾਂ ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਸਟਾਲ ਲੱਗਣਗੇ। ਉਨ੍ਹਾਂ ਅੱਗੇ ਦੱਸਿਆ ਕਿ ਮੇਲੇ ਦੌਰਾਨ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ, ਪੇਂਡੂ ਖੇਡ ਮੇਲਾ, ਰੰਗੋਲੀ, ਪੇਂਟਿੰਗ ਅਤੇ ਫੋਟੋਗਰਾਫੀ ਮੁਕਾਬਲੇ, ਡਰਾਮਾ, ਕੌਮੀ ਲੋਕ ਨਾਚ, ਅਤੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ, ਹੈਰੀਟੇਜ ਵਾਕ ਤੇ ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਆਦਿ ਵਿਸ਼ੇਸ਼ ਆਕਰਸ਼ਣ ਹੋਣਗੇ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ 13 ਸਤੰਬਰ ਤੋਂ ਪਹਿਲਾਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਸ. ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ ਜੈਤੋ ਸੂਰਜ, ਡੀ.ਡੀ.ਪੀ.ਓ. ਅਭਿਨਵ ਗੋਇਲ, ਡਾ. ਸੁਰਜੀਤ ਸਿੰਘ ਬੱਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਡੀ.ਈ.ਓ. (ਐਲੀਮੈਂਟਰੀ) ਅੰਜਨਾ ਕੌਂਸਲ, ਡੀ.ਈ.ਓ. (ਸੈਕੰਡਰੀ) ਨੀਲਮ ਰਾਣੀ, ਏ.ਆਰ.ਟੀ.ਓ. ਜਸਵਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ੍ਰੀ ਮਨਦੀਪ ਮੌਂਗਾ, ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ, ਡੀ.ਆਈ.ਓ ਸ. ਗੁਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।