ਮਿਆਰੀ ਬਾਸਮਤੀ ਪੈਦਾ ਕਰਨ ਲਈ ਦਸ ਕੀਟਨਾਸ਼ਕਾਂ ਦੀ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਾਗੂ
ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਸਮਤੀ ਦੀ ਫਸਲ ਨੂੰ ਮੁੱਖ ਤੌਰ ’ਤੇ ਤਣਾ ਛੇਦਕ ਸੁੰਡੀ, ਪੱਤਾ ਲਪੇਟ ਸੁੰਡੀ ਅਤੇ ਭੁਰੇ ਟਿੱਡੇ (ਕਾਲਾ ਤੇਲਾ) ਅਤੇ ਬਿਮਾਰੀਆਂ ਝੰਡਾ ਰੋਗ (ਪੈਰਾਂ ਦਾ ਗਲਣਾ), ਭੁਰੜ/ਘੰਢੀ ਰੋਗ (ਬਲਾਸਟ) ਅਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਆਦਿ ਨੁਕਸਾਨ ਕਰਦੀਆਂ ਹਨ। ਕਿਸਾਨਾਂ ਵਲੋਂ ਇਨਾਂ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕੁਝ ਅਜਿਹੀਆਂ ਗੈਰਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਕਰਨ ਨਾਲ ਬਾਸਮਤੀ ਦੀ ਗੁਣਵਤਾ ਵਿੱਚ ਗਿਰਾਵਟ ਕਾਰਨ ਸਿੱਧੇ ਤੌਰ ’ਤੇ ਬਾਸਮਤੀ ਦੇ ਚਾਵਲਾਂ ਦੀ ਨਿਰਯਾਤ ਪ੍ਰਭਾਵਤ ਹੁੰਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਤਕਰੀਬਨ ਦਸ ਹਜ਼ਾਰ ਰਕਬੇ ਵਿੱਚ ਬਾਸਮਤੀ ਦੀ ਲਵਾਈ ਕੀਤੀ ਜਾ ਰਹੀ ਹੈ ਜੋ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗੀ। ਉਨਾਂ ਦੱਸਿਆ ਕਿ ਬਾਸਮਤੀ, ਝੋਨੇ ਦੀ ਇੱਕ ਖਾਸ ਕਿਸਮ ਹੈ ਜੋ ਆਪਣੇ ਗੁਣਾਂ ਜਿਵੇਂ ਖੁਸ਼ਬੂ, ਪੱਕਣ ਤੋਂ ਬਾਅਦ ਲੰਬੇ ਪਤਲੇ ਚਾਵਲ, ਮੁਲਾਇਮ ਅਤੇ ਵਧੀਆ ਸੁਆਦ ਲਈ ਪਹਿਚਾਣੀ ਜਾਂਦੀ ਹੈ ਅਤੇ ਬਾਸਮਤੀ ਦੀ ਲਵਾਈ ਮੌਨਸੂਨ ਦੀ ਵਰਖਾ ਦੇ ਆਉਣ ਤੇ ਸ਼ੁਰੂ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦੀ ਖਪਤ ਘਟਦੀ ਹੈ।ਉਨਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ ਪੈਦਾ ਹੁੰਦੀ ਬਾਸਮਤੀ ਦੀ ਪੈਦਾਵਾਰ ਦਾ 90 ਫੀਸਦੀ ਹਿੱਸਾ ਬਰਾਮਦ ਕੀਤਾ ਜਾਂਦਾ ਹੈ ਅਤੇ ਬਾਸਮਤੀ ਜ਼ਿਆਦਾਤਰ ਅਮਰੀਕਾ, ਅਰਬ ਅਤੇ ਯੂਰਪੀਅਨ ਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਬਾਸਮਤੀ ਬਰਾਮਦ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆ ਹਨ। ਉਨਾਂ ਦੱਸਿਆ ਕਿ ਬਾਸਮਤੀ ’ਚ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਕਿਸਾਨ ਅਕਸਰ ਆਂਢੀਆਂ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹਿਣ ਤੇ ਬੇਲੋੜੀਆਂ ਗੈਰਸਿਫਾਰਸ਼ੁਦਾ ਕੀਟਨਾਸ਼ਕਾਂ ਦਾ ਵੱਧ ਮਾਤਰਾ ਵਿੱਚ ਛਿੜਕਾਅ ਕਰਦੇ ਹਨ, ਜਿਸ ਕਾਰਨ ਕੀਟਨਾਸ਼ਕਾਂ ਦੇ ਅੰਸ਼, ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਰਹਿਣ ਕਾਰਨ ਬਾਸਮਤੀ ਦੀ ਬਰਾਮਦ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਦੱਸਿਆ ਕਿ ਮਿਆਰੀ ਬਾਸਮਤੀ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਦਸ ਕੀਟਨਾਸ਼ਕਾਂ ਐਸੀਫੇਟ, ਕਲੋਰੋਪਾਈਰੀਫਾਸ, ਬੁਪਰੋਫੇਜਿਨ, ਪ੍ਰੋਫਿਨੋਫਾਸ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, , ਥਾਇਆਮੀਥਾਕਸਮ, ਇਮਿਡਾਕਲੋਪਰਿਡ, ਹੈਕਸਾਕੋਨਾਜ਼ੋਲ ਅਤੇ ਪ੍ਰੋਪੀਕੋਨਾਜ਼ੋਲ ਦੀ ਬਾਸਮਤੀ ਦੀ ਫਸਲ ਉੱਪਰ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਇੰਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਜਾਰੀ ਰਹਿੰਦੀ ਹੈ ਤਾਂ ਬਾਸਮਤੀ ਦੀ ਬਰਾਮਦ ਨਹੀਂ ਕੀਤੀ ਜਾ ਸਕੇਗੀ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਰਥਿਕਤਾ ਤੇ ਪਵੇਗਾ। ਉਹਨਾਂ ਕਿਹਾ ਕਿ ਬਾਸਮਤੀ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਇਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੇ ਬਦਲ/ਵਿਕਲਪ ਵੱਜੋਂ ਬਹੁਤ ਸਾਰੇ ਕੀਟਨਾਸ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਿਫਾਰਸ਼ਸ਼ੁਦਾ ਖੇਤੀ ਰਸਾਇਣਾਂ ਦੀ ਜਾਣਕਾਰੀ ਅਤੇ ਸੁਚੱਜੀ ਵਰਤੋਂ ਲਈ ਕਿ੍ਰਸ਼ੀ ਵਿਗਿਆਨ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸਿਫਾਰਸ਼ੂਦਾ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਕੇ ਨਿਰਯਾਤ ਯੋਗ ਮਿਆਰੀ ਬਾਸਮਤੀ ਪੈਦਾ ਕੀਤੀ ਜਾ ਸਕੇ। ਉਨਾਂ ਕੀਟਨਾਸ਼ਕ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਅਗਲੇ ਦੋ ਮਹੀਨਿਆਂ ਲਈ ਕਿਸੇ ਵੀ ਕਿਸਾਨ ਨੂੰ ਬਾਸਮਤੀ ਦੀ ਫਸਲ ਉੱਪਰ ਛਿੜਕਾਅ ਲਈ ਉਪਰੋਕਤ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਿਕਰੀ ਨਾਂ ਕੀਤੀ ਜਾਵੇ।
