
ਸੰਗਰੂਰ 6 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਅੱਜ ਬੀਐਸਐਨਐਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਨੇ ਮਹੀਨਾਵਾਰ ਮੀਟਿੰਗ ਸੀਸੀਏ ਦਫ਼ਤਰ ਪੰਜਾਬ ਸਰਕਲ ਚੰਡੀਗੜ੍ਹ ਦੂਰਸੰਚਾਰ ਵਿਭਾਗ ਦੀ ਰਹਿਨੁਮਾਈ ਹੇਠ ਸ਼੍ਰੀ ਨੈਣਾਂ ਦੇਵੀ ਮੰਦਿਰ ਧਰਮਸ਼ਾਲਾ ਸੰਗਰੂਰ ਵਿਖੇ ਕੀਤੀ ।ਸ਼ੁਰੂ ਵਿੱਚ ਇਸ ਮਹੀਨੇ ਬੀਐਸਐਨਐਲ ਪਰਿਵਾਰਾਂ ਨਾਲ ਸਬੰਧਿਤ ਵਿਛੜੇ ਪਰਿਵਾਰਿਕ ਮੈਂਬਰਾਂ ਅਤੇ ਅਹਿਮਦਾਬਾਦ ਹਵਾਈ ਦੁਰਘਟਨਾ ਦੇ ਸਬੰਧ ਵਿੱਚ ਇੱਕ ਸ਼ੋਕ ਮਤਾ ਸ਼੍ਰੀ ਸਾਧਾ ਸਿੰਘ ਵਿਰਕ ਵਲੋਂ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨਮਿਤ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ।ਇਸ ਮੀਟਿੰਗ ਵਿੱਚ ਦੂਰਸੰਚਾਰ ਮਹਿਕਮੇ ਦੇ ਸੀਸੀਏ ਦਫ਼ਤਰ ਪੰਜਾਬ( ਚੰਡੀਗੜ੍ਹ )ਤੋਂ ਸ਼੍ਰੀ ਓਮ ਪ੍ਰਕਾਸ਼ ਪੀ ਆਰ ਓ, ਸ਼੍ਰੀ ਪੰਕਜ ਕੁਮਾਰ ਅਤੇ ਸ਼੍ਰੀ ਮਨੀਸ਼ ਜੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ।ਸ਼੍ਰੀ ਓਮ ਪ੍ਰਕਾਸ਼ ਨੇ ਪੈਨਸ਼ਨਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਦਾ ਵਿਸਥਾਰ ਪੂਰਵਕ ਵਰਣਨ ਕੀਤਾ । ਉਨ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਪੈਨਸ਼ਨਰਾਂ ਨਾਲ ਸਬੰਧਿਤ ਹਰੇਕ ਪਹਿਲੂ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੀ ਪੇਸ਼ਕਾਰੀ ਇੰਨੀ ਜਬਰਦਸਤ ਸੀ ਕਿ ਹਾਜ਼ਰੀਨ ਨੇ ਸਾਹ ਰੋਕ ਕਿ ਉਨ੍ਹਾਂ ਦੇ ਵਡਮੁੱਲੇ ਵਿਚਾਰ ਸੁਣੇ। ਉਨ੍ਹਾਂ ਸੰਗਰੂਰ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਲਈ ਕੀਤੇ ਜਾ ਰਹੇ ਭਲਾਈ ਦੇ ਕਾਰਜਾਂ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਗਰੂਰ ਵਿੱਚ ਨਿ਼ਸ਼ਕਾਮ ਕੰਮ ਕਰ ਰਹੀ ਪੈਨਸ਼ਨਰ ਐਸੋਸੀਏਸ਼ਨ ਨੇ ਪੂਰੇ ਪੰਜਾਬ ਸੂਬੇ ਵਿੱਚ ਹੋਰ ਪੈਨਸ਼ਨਰ ਜਥੇਬੰਦੀਆਂ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ।
ਸ਼੍ਰੀ ਪੀਸੀ ਬਾਘਾ ਨੇ ਕੁੱਝ ਮਤੇ ਸਦਨ ਵਿੱਚ ਪੇਸ਼ ਕੀਤੇ ਜਿਨ੍ਹਾਂ ਨੂੰ ਸਮੁੱਚੇ ਸਦਨ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਦਿੱਤੀ । ਉਨ੍ਹਾਂ ਨੇ ਸੰਗਰੂਰ ਟੀਮ ਨੂੰ “ਉਗਰਾਹਾਂ ਜਥੇਬੰਦੀ ” ਨਾਲ ਤੁਲਨਾ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਪੈਨਸ਼ਨਰਾਂ ਦੇ ਭਲਾਈ ਕਾਰਜਾਂ ਨੂੰ ਇਸੇ ਤਰਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੋਹਿੰਦਰ ਕਪੂਰ ਦੁਆਰਾ ਗਾਏ ਗਏ ਇੱਕ ਬਹੁਤ ਹੀ ਮਕਬੂਲ ਗੀਤ ਨੂੰ ਆਪਣੀ ਆਵਾਜ਼ ਦੇ ਕੇ ਖੂਬ ਰੰਗ ਬੰਨ੍ਹਿਆ। ਸ਼੍ਰੀ ਦਲਬੀਰ ਸਿੰਘ ਖਾਲਸਾ ਵੱਲੋਂ ਸਮਾਜਕ ਅਨਿਆਂ , ਕਿਰਤੀਆਂ ਦੀ ਲੁੱਟ ਖਸੁੱਟ ਅਤੇ ਭ੍ਰਿਸ਼ਟ ਤੰਤਰ ਖਿਲਾਫ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰ ਕੀਤੀ।ਸ਼੍ਰੀ ਸ਼ਾਮ ਸੁੰਦਰ ਕੱਕੜ ਨੇ ਆਪਣੇ ਵੱਖਰੇ ਹਾਸਰਸੀ ਅੰਦਾਜ਼ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਸ਼੍ਰੀ ਸ਼ਿਵ ਨਰਾਇਣ ਨੇ ਨੋਸ਼ਨਲ ਇੰਕਰੀਮੈਂਟ ਬਾਰੇ ਚਰਚਾ ਕੀਤੀ ਅਤੇ ਸ਼੍ਰੀ ਨਵਨੀਤ ਕੁਮਾਰ ਬਰਨਾਲਾ ਦੀਆਂ ਪੈਨਸ਼ਨਰਾਂ ਪ੍ਰਤੀ ਸੇਵਾਵਾਂ ਲਈ ਖੂਬ ਤਰੀਫ ਕੀਤੀ।ਸ਼੍ਰੀ ਅਸ਼ਵਨੀ ਕੁਮਾਰ ਨੇ ਸਿਹਤ ਸੰਭਾਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਉਨ੍ਹਾਂ ਨੇ ਵ੍ਰਿੰਦਾਵਨ ਵੈਦਯਾਰਤਨਮ ਚਿਕਿਤਸਲਮ ਬੱਦੀ ਹਿਮਾਚਲ ਪ੍ਰਦੇਸ਼ ਵਿੱਚ ਬਿਤਾਏ ਦੋ ਹਫਤਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਹੋਰਾਂ ਨੂੰ ਵੀ ਇਸ ਸਹੂਲਤ ਦਾ ਫ਼ਾਇਦਾ ਲੈਣ ਲਈ ਪ੍ਰੇਰਿਤ ਕੀਤਾ। ਸ਼੍ਰੀ ਕੇਵਲ ਸਿੰਘ ਮਾਲੇਰਕੋਟਲਾ ਨੇ ਆਪਣੀ ਬੁਲੰਦ ਅਵਾਜ ਵਿੱਚ ਤੂੰਬੀ ਨਾਲ ਇੱਕ ਬਹੁਤ ਹੀ ਮਕਬੂਲ ਗੀਤ ਗਾ ਕੇ ਦਰਸ਼ਕਾਂ ਦਾ ਮਨਰੰਜਨ ਕੀਤਾ।ਸ਼੍ਰੀ ਸੁਖਦੇਵ ਸਿੰਘ ਕੇਬਲ ਜੁਆਇੰਟਰ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਮਰੀਜ਼ਾਂ ਵਾਸਤੇ ਉਨ੍ਹਾਂ ਵਲੋਂ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਸਹਾਇਤਾ ਰਾਸ਼ੀ ਭੇਜਣ ਵਾਲ਼ੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।ਮੀਟਿੰਗ ਦੌਰਾਨ ਸੀਸੀਏ ਦਫ਼ਤਰ ਦੀ ਟੀਮ ਵੱਲੋਂ ਲਗਾਏ ਗਏ ਕੈਂਪ ਵਿੱਚ ਪੈਨਸ਼ਨਰਾਂ ਨੇ ਲਗਭਗ 30 ਲਾਈਫ ਸਰਟੀਫੀਕੇਟ ਅੱਪਡੇਟ ਕਰਵਾਏ ।ਪ੍ਰਬੰਧਕਾਂ ਵਲੋਂ ਸੀ ਸੀ ਏ ਟੀਮ ਦਾ ਸੰਗਰੂਰ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ । ਇਸ ਮੌਕੇ ਸ਼ਿਵ ਨਰਾਇਣ ਨੇ ਦੱਸਿਆ ਕਿ ਬੀਐਸਐਨਐਲ ਦੇ ਏਜੀਐਮ ਹੁਸੈਨ ਅਹਿਮਦ ਜਿਹੜੇ ਪੰਚਕੁਲਾ ਵਿਖੇ ਸਰਵਿਸ ਕਰ ਰਹੇ ਹਨ ਉਨ੍ਹਾਂ ਨਾਲ 33 ਲੱਖ ਰੁਪਏ ਦੀ ਡਿਜ਼ੀਟਲ ਠੱਗੀ ਹੋ ਚੁੱਕੀ ਹੈ । ਹੁਸੈਨ ਅਹਿਮਦ ਨੇ ਸਾਰਿਆਂ ਨੂੰ ਸੁਝਾਅ ਦਿੱਤਾ ਕਿ ਬਿਜ਼ਨਸ ਔਨ ਲਾਈਨ ਦੀ ਥਾਂ ਔਫਲਾਈਨ ਕਰਨਾ ਚਾਹੀਦਾ ਹੈ । ਅਖ਼ੀਰ ਵਿੱਚ ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰਿਵਾਰਿਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਾਰੇ ਸਦਨ ਵੱਲੋਂ ਸ਼੍ਰੀ ਸੁਰਿੰਦਰ ਪਾਲ ਦਾ ਚਾਹ ਪਾਰਟੀ ਅਤੇ ਲੰਚ ਲਈ ਸੇਵਾਵਾਂ ਦੇਣ ਵਾਸਤੇ ਧੰਨਵਾਦ ਕੀਤਾ ਗਿਆ।ਮੰਚ ਸੰਚਾਲਨ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ।