ਸੁਰਿੰਦਰ ਪਾਲ ਨੇ ਤਰਕਸ਼ੀਲ ਸੋਚ ਅਪਨਾਉਣ ਦਾ ਸੁਨੇਹਾ ਦਿੱਤਾ

ਸੰਗਰੂਰ 1 ਸਤੰਬਰ ( ਮਾਸਟਰ ਪਰਮਵੇਦ /ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਵੱਲੋਂ ਅੱਜ ਆਜ਼ਾਦੀ ਦੀ 78ਵੀਂ ਵਰ੍ਹੇ ਗੰਢ ਨੂੰ ਸਮਰਪਿਤ ਵਿਚਾਰ ਗੋਸ਼ਟੀ ਦਾ ਆਯੋਜਨ ਸਥਾਨਕ ਸ਼੍ਰੀ ਨੈਣਾਂ ਦੇਵੀ ਮੰਦਿਰ ਧਰਮ ਸ਼ਾਲਾ ਵਿਖੇ ਕੀਤਾ ਗਿਆ। ਸ਼ੁਰੂਆਤ ਅਗਸਤ 1947 ਵਿੱਚ ਦੇਸ਼ ਦੀ ਵੰਡ ਵੇਲੇ ਮਾਰੇ ਗਏ ਬੇਦੋਸ਼ੇ ਲੋਕਾਂ ਅਤੇ ਉੱਘੇ ਕਮੇਡੀ ਕਲਾਕਾਰ ਸ਼੍ਰੀ ਜਸਵਿੰਦਰ ਭੱਲਾ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ।ਸ਼੍ਰੀ ਮੁੱਖਤਿਆਰ ਸਿੰਘ ਰਾਓ ਨੇ ਆਪਣੇ ਭਾਸ਼ਣ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸਕਾਰਾਤਮਕ ਸੋਚ ਦੀ ਮਹਤੱਤਾ ਬਾਰੇ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਵਿਆਖਿਆ ਕੀਤੀ।ਸ਼੍ਰੀ ਹਰਬੰਸ ਸਿੰਘ ਸ਼ੇਰਪੁਰ ਨੇ ਰਾਜਨੀਤਕ ਅਤੇ ਸਮਾਜਕ ਨਿਘਾਰ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਦਾ ਜਿਕਰ ਕੀਤਾ ਅਤੇ ਪੈਨਸ਼ਨਰਾਂ ਨੂੰ ਬੀਐਸਐਨਐਲ ਵੱਲੋਂ ਦਿੱਤੀ ਜਾਂਦੀ ਸਿਹਤ ਸਹੂਲਤ ਵਿਚਲੀਆਂ ਖਾਮੀਆਂ ਦਾ ਜਿਕਰ ਕੀਤਾ।
ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ 15 ਅਗਸਤ 1947 ਨੂੰ ਮਿਲੀ ਆਜ਼ਾਦੀ ਨੂੰ “ਸੱਤਾ- ਪਰਿਵਰਤਨ” ਅਤੇ “ਉਜਾੜੇ” ਦਾ ਨਾਮ ਦਿੱਤਾ ਅਤੇ ਉਸ ਸਮੇਂ ਦੀ ਲੀਡਰਸ਼ਿਪ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਜਿਸਨੇ ਕੁਰਸੀ ਦੀ ਜ਼ਲਦਬਾਜ਼ੀ ਵਿੱਚ ਬੇਵੱਸ ਜਨਤਾ ਨੂੰ ਆਪਣੇ ਰਹਿਮੋ ਕਰਮ ਤੇ ਛੱਡ ਦਿੱਤਾ ਜਿਸਦੇ ਨਤੀਜੇ ਵਜੋਂ ਲੱਖਾਂ ਬੇਦੋਸ਼ੇ ਪਰਿਵਾਰਾਂ ਨੂੰ ਜਾਨ ਅਤੇ ਮਾਲ ਤੋਂ ਹੱਥ ਧੋਣੇ ਪਏ।ਉਨ੍ਹਾਂ ਨੇ ਸੀ ਜੀ ਐਚ ਐਸ ਰਾਹੀਂ ਪੈਨਸ਼ਨਰਜ ਨੂੰ ਕੈਸ਼ ਲੈਸ ਇਲਾਜ ਲੈਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਸਾਥੀਆਂ ਨੂੰ ਇਸਦੇ ਕਾਰਡ ਬਣਵਾਉਣ ਲਈ ਪ੍ਰੇਰਿਤ ਕੀਤਾ। ਸੰਗਰੂਰ ਟੀਮ ਵੱਲੋਂ ਪੈਨਸ਼ਨਰਾਂ ਲਈ ਬਣਾਏ ਗਏ ਵਟਸਐੱਪ ਗਰੁੱਪ ਵਿੱਚ ਬੇਲੋੜੀਆਂ ਪੋਸਟਾਂ ਪਾਉਣ ਤੋਂ ਗ਼ੁਰੇਜ਼ ਕਰਨ ਲਈ ਬੇਨਤੀ ਕੀਤੀ ਗਈ ।ਉਨ੍ਹਾਂ ਵਲੋਂ ਸ਼੍ਰੀ ਗੁਰਦਿਆਲ ਸਿੰਘ ਸੈਨੀ ਦਾ ਬਿਮਾਰੀ ਦੌਰਾਨ ਵੀ ਯੂਨੀਅਨ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਕਰਕੇ, ਸ਼੍ਰੀ ਨਵਨੀਤ ਕੁਮਾਰ ਬਰਨਾਲ਼ਾ ਦਾ ਪੈਨਸ਼ਨਰਾਂ ਲਈ ਵੱਖ ਵੱਖ ਸੇਵਾਵਾਂ ਕਰਕੇ , ਸ਼੍ਰੀ ਸੁਖਦੇਵ ਸਿੰਘ , ਸ਼੍ਰੀ ਬਲਦੇਵ ਸਿੰਘ ਸੰਗਰੂਰ ਅਤੇ ਸ਼੍ਰੀ ਪ੍ਰੇਮ ਕੁਮਾਰ ਅਹਿਮਦਗੜ ਦਾ ਪ੍ਰਬੰਧਾਂ ਵਿੱਚ ਵਿਸ਼ੇਸ਼ ਸੇਵਾਵਾਂ ਦੇਣ ਕਰਕੇ ਉਚੇਚੇ ਤੌਰ ਤੇ ਤਰੀਫ਼ ਕੀਤੀ। ਸ਼੍ਰੀ ਅਸ਼ਵਨੀ ਕੁਮਾਰ ਵਲੋਂ ਇਸ ਮਹੀਨੇ ਪੈਨਸ਼ਨਰਾਂ ਦੇ ਕਲਿਆਣ ਲਈ ਕੀਤੇ ਗਏ ਕਾਰਜਾਂ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਵੱਲੋਂ ਚੰਡੀਗੜ ਵਿਖੇ ਸੀਨੀਅਰ ਸਿਟੀਜਨ ਸਮਾਗ਼ਮ ਬਾਰੇ ਜਾਣਕਾਰੀ ਸਾਂਝੀ ਕੀਤੀ ।ਸ਼੍ਰੀ ਸੁਰਿੰਦਰ ਪਾਲ ਨੇ ਨਿੱਗਰ ਸਮਾਜ ਦੀ ਉਸਾਰੀ ਵਾਸਤੇ ਵਿਅਕਤੀਗਤ ਜੀਵਨ ਵਿੱਚ ਵਿਗਿਆਨਕ ਅਤੇ ਤਰਕਸ਼ੀਲ ਨਜਰੀਆ ਅਪਣਾਉਣ ਦਾ ਸੱਦਾ ਦਿੱਤਾ।ਸ਼੍ਰੀ ਰਘਬੀਰ ਸਿੰਘ ਛਾਜਲੀ ਨੇ ਹੱਕਾਂ ਦੀ ਪੂਰਤੀ ਲਈ ਆਪਸੀ ਏਕੇ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ ਅਤੇ ਸੰਗਰੂਰ ਟੀਮ ਵੱਲੋਂ ਪੈਨਸ਼ਨਰਾਂ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਣਾ ਕੀਤੀ।ਮੰਚ ਸੰਚਾਲਕ ਸ਼ਿਵ ਨਰਾਇਣ ਨੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਨੁਕਸਾਨ ਲਈ ਸਰਕਾਰਾਂ ਦੀ ਨਾਕਾਮੀ ਲਈ ਆਲੋਚਨਾ ਕੀਤੀ। ਉੱਤਰੀ ਭਾਰਤ ਵਿੱਚ ਭ੍ਰਿਸ਼ਟ ਨਿਜ਼ਾਮ ਬਦੌਲਤ ਹੜ੍ਹਾਂ ਦੇ ਕਹਿਰ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਦਲਬੀਰ ਸਿੰਘ ਖਾਲਸਾ ਨੇ ਸੰਗਰੂਰ ਟੀਮ ਵੱਲੋਂ ਕੀਤੇ ਜਾ ਰਹੇ ਅਣਥੱਕ ਕਾਰਜਾਂ ਦੀ ਸ਼ਲਾਘਾ ਕੀਤੀ ।ਸ਼ਾਮ ਸੁੰਦਰ ਕਕੜ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿੱਚ ਲੱਗੇ ਬਲੱਡ ਡੋਨੇਸ਼ਨ ਕੈਂਪ ਵਿੱਚ ਅਸ਼ਵਨੀ ਕੁਮਾਰ ਅਤੇ ਸੁਰਿੰਦਰ ਪਾਲ ਵਲੋਂ ਦਿੱਤੇ ਗਏ ਖੂਨਦਾਨ ਲਈ ਉਨ੍ਹਾਂ ਦੀ ਸਰਾਹਨਾ ਕੀਤੀ।ਵੀ ਕੇ ਮਿੱਤਲ ਵੱਲੋਂ ਆਪਣੇ ਦਿਲਕਸ਼ ਅੰਦਾਜ਼ ਵਿੱਚ “ਇੱਕ ਪਹੇਲੀ” ਮੁਕਾਬਲਾ ਕਰਵਾਇਆ ਗਿਆ।ਕੇਵਲ ਸਿੰਘ ਮਲੇਰਕੋਟਲਾ ਨੇ ਆਪਣੀ ਬੁਲੰਦ ਅਵਾਜ ਵਿੱਚ ਇੱਕ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਇਸ ਮਹੀਨੇ ਜਨਮ ਦਿਨ ਅਤੇ ਹੋਰ ਪ੍ਰੀਵਾਰਿਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਹਾਰ ਪਹਿਨਾ ਕੇ ਤੇ ਰਿਫਰੈਸ਼ਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ ।ਅੰਤ ਵਿੱਚ ਸ਼੍ਰੀ ਗੁਰਮੇਲ ਸਿੰਘ ਭੱਟੀ ਵੱਲੋਂ ਦੂਰ ਦੁਰਾਡੇ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।