ਜੈਤੋ/ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ ਸਥਾਨਕ ਬਾਜਾਖਾਨਾ ਚੌਂਕ (ਚੌਂਕ ਨੰਬਰ ਤਿੰਨ) ’ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਪੁਤਲੇ ਫੂਕਣ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਕਿਸਾਨ ਅੰਦੋਲਨ ਸ਼ੰਭੂ, ਖਨੌਰੀ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਦੌਰਾਨ 35 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਹੋਰ ਮੰਗੇ ਜਾ ਰਹੇ ਸਿਰਾਂ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਖੁਦ ਨੂੰ ਪੇਸ਼ ਕਰਦਿਆਂ 26 ਨਵੰਬਰ ਤੋਂ ਮਰਨ ਵਰਤ ਜਾਰੀ ਹੈ ਜੋ 18ਵੇਂ ਦਿਨ ਵਿਚ ਦਾਖ਼ਲ ਹੋ ਚੁੱਕਿਆ ਹੈ। ਜਿਸ ਉਪਰੰਤ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਮੋਰਚੇ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ ਫੂਕਣ ਦੀ ਦਿੱਤੀ ਕਾਲ ਅਨੁਸਾਰ ਅੱਜ ਜੈਤੋ ਮੰਡੀ ਵਿਖੇ ਬੀ.ਕੇ.ਯੂ. ਏਕਤਾ ਸਿੱਧੂਪੁਰ ਵੱਲੋਂ ਦੋਂਨੋ ਸਰਕਾਰਾਂ ਦੇ ਪੁਤਲੇ ਫੂਕੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੈਤੋ ਦੇ ਪ੍ਰਧਾਨ ਛਿੰਦਰਪਾਲ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 18ਵਾਂ ਦਿਨ ਹੈ ਅਤੇ ਕੱਲ੍ਹ ਅਮਰੀਕਾ ਤੋਂ ਆਏ ਹੋਏ ਮਾਹਿਰ ਡਾਕਟਰਾਂ ਅਤੇ ਸਰਕਾਰੀ ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਚੈੱਕਅਪ ਕਰਦਿਆਂ ਦੱਸਿਆ ਗਿਆ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤਿ ਨਾਜ਼ੁਕ ਹੈ ਅਤੇ ਕਿਸੇ ਵੀ ਸਮੇਂ ਐਮਰਜੈਂਸੀ ਸਥਿਤੀ ਬਣ ਸਕਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸਰਕਾਰ ਵੱਲੋਂ ਕਦੇ ਵੀ ਮੋਰਚੇ ਉੱਤੇ ਹਮਲਾ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਲਈ ਉਹਨਾਂ ਸਾਰੇ ਹੀ ਇਨਸਾਫ਼ ਪਸੰਦ ਅਤੇ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨੂੰ ਕਾਫ਼ਲੇ ਬੰਨ੍ਹ ਕੇ ਮੋਰਚੇ ਵਿਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਇਸ ਮੋਰਚੇ ਨੂੰ ਜਲਦੀ ਫ਼ਤਿਹ ਕੀਤਾ ਜਾ ਸਕੇ ਅਤੇ ਸਰਕਾਰ ਦੀਆਂ ਗੁੱਝੀਆਂ ਸਾਜਿਸ਼ਾਂ ਨੂੰ ਨਕਾਮ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਖ਼ਜ਼ਾਨਚੀ ਜਗਦੇਵ ਸਿੰਘ ਜੈਤੋ, ਇਕਾਈ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਇਕਾਈ ਪ੍ਰਧਾਨ ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਜੈਤੋ ਸਮੇਤ ਬਹੁਤ ਵੱਡੀ ਗਿਣਤੀ ਵਿਚ ਜੱਥੇਬੰਦੀ ਦੇ ਅਹੁਦੇਦਾਰ, ਵਰਕਰ ਅਤੇ ਕਿਸਾਨ ਵੀਰ ਸ਼ਾਮਿਲ ਸਨ।
