ਛੁੱਟੀ ਵਾਲੇ ਦਿਨ ਚੋਣ ਰਹਿਸਲ ਨਾ ਕਰਵਾਉਣ ਦੀ ਕੀਤੀ ਗਈ ਮੰਗ
ਕੋਟਕਪੂਰਾ, 8 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਬੀ.ਐੱਲ.ਓਜ਼. ਦੀ ਵੀ ਚੋਣ ਡਿਊਟੀ ਲਗਾ ਦਿੱਤੀ ਹੈ ਜੋ ਕਿ ਪਹਿਲਾਂ ਹੀ ਸਾਰਾ ਸਾਲ ਚੋਣ ਡਿਊਟੀ ਕਰਦੇ ਰਹਿੰਦੇ ਹਨ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜਿਲ੍ਹਾ ਇਕਾਈ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਲਗਭਗ 24000 ਚੋਣ ਬੂਥ ਹਨ, ਜਿਨ੍ਹਾਂ ਉੱਪਰ ਸਾਰਾ ਸਾਲਾਂ ਵੋਟਾਂ ਦੀ ਸੁਧਾਈ, ਵੋਟਾਂ ਬਣਾਉਣੀਆਂ ਅਤੇ ਕੱਟਣੀਆਂ, ਵੋਟਰਾਂ ਦੇ ਅਧਾਰ ਕਾਰਡ ਜੋੜਨੇ, ਵੋਟਰ ਦਿਵਸ ਮਨਾਉਣਾ ਅਤੇ ਹੁਣ ਅੱਗੇ ਐੱਸ.ਆਈ.ਆਰ. ਦਾ ਸਰਵੇ ਵੀ ਆ ਰਿਹਾ ਹੈ, ਕੰਮ ਚਲਦਾ ਰਹਿੰਦਾ ਹੈ। ਬੀ.ਐੱਲ.ਓਜ਼. ਨੂੰ ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਕੰਮ ਕਰਨਾ ਪੈ ਰਿਹਾ ਹੈ, ਇਸ ਤੋਂ ਵੀ ਵੱਧ ਕੇ ਕਈ ਵਾਰ ਕੰਮ ਦਾ ਪ੍ਰੈਸ਼ਰ ਏਨਾ ਹੁੰਦਾ ਹੈ ਕਿ ਬੀ.ਐੱਲ.ਓਜ਼. ਹਨੇਰੇ-ਸਵੇਰੇ ਆਪਣੇ ਘਰ ਵੀ ਇਹ ਕੰਮ ਕਰਦੇ ਰਹਿੰਦੇ ਹਨ। ਹੁਣ ਉਹਨਾਂ ਦੀ ਡਿਊਟੀ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਲਾ ਕੇ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ, ਕਿਉਕਿ ਉਹਨਾਂ ਦੇ ਆਪਣੇ ਨਿੱਜੀ ਕੰਮ ਕਾਰ ਵੀ ਕਰਨੇ ਹੁੰਦੇ ਹਨ। ਇਸ ਨੂੰ ਜਥੇਬੰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਵਿੱਤ ਸਕੱਤਰ ਪ੍ਰਦੀਪ ਸਿੰਘ ਨੇ ਕਿਹਾ ਕਿ ਐਤਵਾਰ ਅਤੇ ਦੂਜੇ ਸ਼ਨੀਵਾਰ ਵਾਲੇ ਦਿਨ ਚੋਣ ਰਹਿਸਲ ਰੱਖ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਕਿਉਕਿ ਅਧਿਆਪਕ ਨੂੰ ਸਰਕਾਰੀ ਕਰਮਚਾਰੀ ਹੋਣ ਦੇ ਨਾਲ-ਨਾਲ ਬੱਚਿਆਂ ਅਤੇ ਮਾਤਾ ਪਿਤਾ ਦੀ ਦੇਖਭਾਲ ਕਰਨ ਵਰਗੇ ਘਰੇਲੂ ਕੰਮ ਹਨ ਦੂਰ ਦੁਰਾਡੇ ਵਾਲੇ ਅਧਿਆਪਕ 3:50 ਵਜੇ ਛੁੱਟੀ ਹੋਣ ਕਰਕੇ 5:00 ਵਜੇ ਤੱਕ ਘਰ ਪਹੁੰਚਦੇ ਹਨ। ਇਸ ਨਾਲ ਉਹਨਾਂ ਦੇ ਛੁੱਟੀ ਵਾਲੇ ਦਿਨ ਨਿੱਜੀ ਕੰਮ ਕਾਰ ਜਿਵੇਂ ਬੱਚਿਆਂ ਜਾਂ ਮਾਤਾ ਪਿਤਾ ਦੀ ਦਵਾਈ ਦਵਾਉਣਾ ਆਦਿ ਕਰਨ ਵਿੱਚ ਦਿੱਕਤ ਆਉਂਦੀ ਹੈ। ਕਿਉਂਕਿ ਅਧਿਆਪਕਾਂ ਨੇ ਛੁੱਟੀ ਵਾਲੇ ਦਿਨ ਹੀ ਆਪਣੇ ਨਿੱਜੀ ਕੰਮ ਕਾਰ ਕਰਨੇ ਹੁੰਦੇ ਹਨ। ਆਗੂਆਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਬੀ.ਐੱਲ.ਓਜ਼., ਗੰਭੀਰ ਬਿਮਾਰੀਆਂ ਵਾਲੇ, ਸਿੰਗਲ ਮਾਪੇ, ਔਰਤਾਂ ਅਤੇ ਵਿਧਵਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ ਘਣੀਆ, ਅਜਾਇਬ ਸਿੰਘ, ਕੁਲਵਿੰਦਰ ਸਿੰਘ ਬਰਾੜ, ਕਰਨਵੀਰ ਸਿੰਘ ਬਰਾੜ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਸੰਧੂ, ਸਵਰਨਪਾਲ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।
