ਸਰੀ, 7 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਵਿਚ 0.25 ਦੀ ਕਟੌਤੀ ਕਰਦਿਆਂ ਵਿਆਜ ਦਰ 4.75 ਪ੍ਰਤੀਸ਼ਤ ਕਰ ਦਿੱਤੀ ਹੈ। ਮਾਰਚ 2020 ਤੋਂ ਬਾਅਦ ਬੈਂਕ ਵੱਲੋਂ ਪਹਿਲੀ ਵਾਰ ਵਿਆਜ ਦਰ ਵਿੱਚ ਕਟੌਤੀ ਕੀਤੀ ਗਈ ਹੈ। ਵੱਡੀ ਗਿਣਤੀ ਵਿਚ ਅਰਥਸ਼ਾਸਤਰੀ ਵੀ ਅਜਿਹੇ ਕਦਮ ਦੀ ਉਮੀਦ ਕਰ ਰਹੇ ਸਨ। ਮਹਿੰਗਾਈ ਦਰ ਹਾਲ ਹੀ ਦੇ ਮਹੀਨਿਆਂ ਵਿੱਚ ਬੈਂਕ ਦੇ ਦੋ ਪ੍ਰਤੀਸ਼ਤ ਦੇ ਟੀਚੇ ਦੇ ਨੇੜੇ ਚਲੀ ਗਈ ਹੈ, ਜੋ ਅਪ੍ਰੈਲ ਵਿੱਚ 2.7 ਪ੍ਰਤੀਸ਼ਤ ‘ਤੇ ਆ ਗਈ ਹੈ।
ਬੈਂਕ ਦੇ ਗਵਰਨਰ ਟਿਫ ਮੈਕਲੇਮ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਹੈ ਕਿ ਬੈਂਕ ਦੀ ਮੁਦਰਾ ਨੀਤੀ ਨੂੰ ਹੁਣ ਏਨੀ ਪਾਬੰਦੀਸ਼ੁਦਾ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਿੰਗਾਈ ਦੇ ਵਿਰੁੱਧ ਲੜਾਈ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਸਾਡਾ ਭਰੋਸਾ ਪਿਛਲੇ ਮਹੀਨਿਆਂ ਵਿਚ ਵਧਿਆ ਹੈ ਕਿ ਮਹਿੰਗਾਈ ਦੋ ਪ੍ਰਤੀਸ਼ਤ ਦੇ ਟੀਚੇ ਦੇ ਨੇੜੇ ਜਾਂਦੀ ਰਹੇਗੀ। ਵਿਆਜ ਦਰ ਦੀ ਇਸ ਕਟੌਤੀ ਨਾਲ ਵੱਡੀ ਗਿਣਤੀ ਵਿਚ ਕੈਨੇਡੀਅਨਾਂ ਨੂੰ ਆਪਣੀ ਮੌਰਗੇਜ, ਲਾਈਨ ਆਫ ਕਰੈਡਿਟ ਆਦਿ ਵਿਚ ਥੋੜ੍ਹੀ ਰਾਹਤ ਮਿਲੇਗੀ।
RBC, Scotiabank, BMO, TD ਬੈਂਕ ਅਤੇ CIBC ਨੇ ਕੱਲ੍ਹ ਦੁਪਹਿਰ 3 ਵਜੇ ਤੋਂ ਆਪਣੀਆਂ ਪ੍ਰਮੁੱਖ ਕਰਜ਼ਾ ਦਰਾਂ ਨੂੰ 7.20 ਫੀਸਦੀ ਤੋਂ ਘਟਾ ਕੇ 6.95 ਫੀਸਦੀ ਕਰ ਦਿੱਤਾ ਹੈ।