ਲੋਕਾਂ ਨੇ ਬੈਂਕ ਵੱਲੋਂ ਦੂਜੀ ਵਾਰ ਫਿਰ ਕੁਰਕੀ ਕਰਨ ਦੇ ਹੁਕਮ ਵਿਰੁੱਧ ਕੀਤੀ ਪਹਿਰੇਦਾਰੀ
ਕੋਟਕਪੂਰਾ/ਜੈਤੋ, 11 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਪਿੰਡ ਭਗਤੂਆਣਾ ਵਿਖੇ ਮਜ਼ਦੂਰ ਪਰਿਵਾਰ ਦੀ ਆਈ.ਸੀ.ਆਈ.ਸੀ. ਬੈਂਕ ਵੱਲੋਂ ਕੁਰਕੀ ਕਰਨ ਦੇ ਹੁਕਮ ਵਿਰੁੱਧ ਪਿਛਲੇ ਦਿਨੀਂ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਸੇ ਵੀ ਹਾਲਤ ਵਿੱਚ ਮਜ਼ਦੂਰ ਪਰਿਵਾਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਉਸੇ ਸਬੰਧ ਵਿੱਚ ਪਹਿਲਾਂ ਬੈਂਕ ਵੱਲੋਂ 2 ਜੁਲਾਈ ਨੂੰ ਕੁਰਕੀ ਕਰਨ ਦੇ ਹੁਕਮਾਂ ਵਿਰੁੱਧ ਵੀ ਲਾਮਬੰਦੀ ਕੀਤੀ ਗਈ ਸੀ, ਜਿਸ ਸਦਕਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸੀ। ਉਸ ਤੋਂ ਬਾਅਦ ਬੈਂਕ ਵੱਲੋਂ 10 ਜੁਲਾਈ ਨੂੰ ਕੁਰਕੀ ਕਰਨ ਦਾ ਦੁਬਾਰਾ ਨੋਟਿਸ ਲਾਇਆ ਗਿਆ ਸੀ। ਜਿਸਦੇ ਸਬੰਧ ਵਿੱਚ ਅੱਜ ਫਿਰ ਲੋਕਾਂ ਨੇ ਜਥੇਬੰਦੀਆਂ ਦੀਆਂ ਅਗਵਾਈ ਵਿੱਚ ਇਕੱਠ ਕੀਤਾ। ਪਰਿਵਾਰ ਦੇ ਘਰ ਦੀ ਪਹਿਰੇਦਾਰੀ ਕੀਤੀ ਅਤੇ ਬੈਂਕ ਦਾ ਕੋਈ ਵੀ ਅਧਿਕਾਰੀ, ਸਿਵਲ ਅਧਿਕਾਰੀ ਨਹੀਂ ਪਹੁੰਚਿਆ। ਅੱਜ ਦੇ ਪ੍ਰਦਰਸ਼ਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਪਾਲ ਸਿੰਘ ਨੰਗਲ ਬਲਦੇਵ ਸਿੰਘ ਮੱਤਾ ਬਲਵਿੰਦਰ ਸਿੰਘ ਮੱਤਾ ਦਿਲਬਾਗ ਸਿੰਘ, ਸੁਖਦੇਵ ਸਿੰਘ ਮੱਤਾ, ਪਿਰਥੀ ਸਿੰਘ ਚਮੇਲੀ, ਹਰਭਾਲ ਸਿੰਘ ਚਹਿਲ ਅਤੇ ਬੂਟਾ ਸਿੰਘ ਪੱਕਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਅੰਸ਼ਿਕ ਜਿੱਤ ਹੈ ਕਿ ਦੋ ਵਾਰ ਬੈਂਕ ਦੇ ਕੁਰਕੀ ਕਰਨ ਦੇ ਹੁਕਮਾਂ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਲੋਟੂ ਬੈਂਕਾ ਅਤੇ ਸੂਦਖੋਰੀ ਦੇ ਖ਼ਿਲਾਫ਼ ਅਜਿਹੇ ਹੀ ਕਿਸਾਨਾਂ/ਮਜ਼ਦੂਰਾਂ ਦੇ ਸਾਂਝੇ ਇਕੱਠ ਕਰਨ ਦੀ ਲੋੜ ਹੈ। ਉਹਨਾਂ ਕਿਹਾ ਇਹ ਲੋਕ ਤਾਕਤ ਹੀ ਜੋ ਹਰ ਕਿਸਮ ਦੇ ਜ਼ਬਰ ਅਤੇ ਲੁੱਟ ਵਿਰੁੱਧ ਖੜ ਸਕਦੀ ਹੈ। ਆਗੂਆਂ ਨੇ ਕਿਹਾ ਕਿ ਉਹਨਾਂ ਦੀ ਇਹ ਮੰਗ ਹੈ ਕਿ ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮਾਫ਼ ਕੀਤੇ ਜਾਣ ਅਤੇ ਸਰਕਾਰੀ ਬੈਂਕਾਂ ਤੋਂ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ, ਉਹਨਾਂ ਦੀਆਂ ਜਥੇਬੰਦੀਆਂ ਇਸ ਪਰਿਵਾਰ ਨਾਲ ਖੜੀਆਂ ਹਨ। ਅੱਜ ਦੇ ਪ੍ਰਦਰਸ਼ਨ ਵਿੱਚ ਪਿੰਡ ਅਤੇ ਆਸ-ਪਾਸ ਦੀਆਂ ਜਥੇਬੰਦੀਆਂ ਦੇ ਕਾਰਕੁਨ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ।