ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਦੀਆਂ ਦੇ ਸ਼ੁਰੂਆਤੀ ਸੀਜਨ ਦੇ ਪਹਿਲੇ ਪੜ੍ਹਾਅ ਦੌਰਾਨ ਪਈ ਸੰਘਣੀ ਧੁੰਦ ਕਾਰਨ ਜਨ ਜੀਵਨ ਅਸਥ ਵਿਅਸਥ ਹੋ ਗਿਆ ਹੈ ਅਤੇ ਸੜਕੀ ਆਵਾਜਾਈ ਵਿੱਚ ਵੱਡਾ ਵਿਘਨ ਪਿਆ ਹੈ, ਜਿਸ ਲਈ ਆਮ ਲੋਕਾਂ ਨੂੰ ਧੁੰਦ ਦੇ ਮੌਸਮ ਵਿੱਚ ਸਵੇਰੇ ਅਤੇ ਰਾਤ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਸੜਕਾਂ ’ਤੇ ਧੁੰਦ ਕਾਰਨ ਵਾਪਰਦੇ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਬਦਲਦੇ ਮੌਸਮ ਦੇ ਮਿਜਾਜ ਬਾਰੇ ਸਮਾਜਸੇਵਾ ਦੇ ਖੇਤਰ ਵਿੱਚ ਯੋਗਦਾਨ ਪਾ ਰਹੀਆਂ ਉੱਘੀਆਂ ਸਖਸ਼ੀਅਤਾਂ ਵੱਲੋਂ ਆਪਣੇ ਸੁਝਾਅ ਸਾਂਝੇ ਕੀਤੇ ਗਏ ਹਨ। ਐਡਵੋਕੇਟ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਆਖਿਆ ਕਿ ਧੁੰਦ ਦੇ ਮੌਸਮ ਵਿੱਚ ਰਾਤ ਸਮੇਂ ਸਫਰ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਅਤਿ ਜਰੂਰੀ ਕੰਮ ਪੈਣ ਦੀ ਸੂਰਤ ਵਿੱਚ ਹੀ ਸਫਰ ਕੀਤਾ ਜਾਵੇ, ਕਿਉਂਕਿ ਸੰਘਣੀ ਧੁੰਦ ਵਿੱਚ ਦੂਰ ਦਾ ਵਿਜਨ ਘੱਟ ਹੋ ਜਾਂਦਾ ਹੈ ਅਤੇ ਸਾਵਧਾਨੀ ਨਾ ਵਰਤਨ ਕਾਰਨ ਸੜਕੀ ਹਾਦਸੇ ਹੋ ਜਾਂਦੇ ਹਨ। ਗੁਰਮੀਤ ਸਿੰਘ ਪ੍ਰਜਾਪਤੀ ਅਤੇ ਹੰਸ ਰਾਜ ਪ੍ਰਜਾਪਤੀ ਨੇ ਆਖਿਆ ਕਿ ਆਮ ਦਿਨਾਂ ਵਿੱਚ ਸੜਕਾਂ ਉੱਤੇ ਤੇਜ ਰਫਤਾਰੀ ਅਤੇ ਸਾਵਧਾਨੀ ਨਾ ਵਰਤਣ ਕਾਰਨ ਨਿੱਤ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਦੂਜੇ ਪਾਸੇ ਸੰਘਣੀ ਧੁੰਦ ਦੇ ਮੌਸਮ ਵਿੱਚ ਸੜਕਾਂ ’ਤੇ ਵਾਹਨ ਚਲਾਉਣ ਸਮੇਂ ਦੁੱਗਣੀ ਸਾਵਧਾਨੀ ਵਰਤਣ ਦੀ ਜਰੂਰਤ ਹੈ, ਕਿਉਂਕਿ ਜਿੰਦਗੀ ਬਹੁਤ ਕੀਮਤੀ ਹੈ, ਇਸ ਲਈ ਕਾਹਲੀ ਵਿੱਚ ਕਦੇ ਵੀ ਡਰਾਈਵਰੀ ਨਹੀਂ ਕਰਨੀ ਚਾਹੀਦੀ ਹੈ। ਲੈਕਚਰਾਰ ਰਤਨ ਸਿੰਘ ਪ੍ਰਜਾਪਤੀ ਨੇ ਆਖਿਆ ਕਿ ਸਿਹਤ ਅਤੇ ਸਰੀਰ ਨੂੰ ਨਰੋਗੀ ਬਣਾਏ ਰੱਖਣ ਲਈ ਕਸਰਤ ਬਹੁਤ ਜਰੂਰੀ ਹੈ, ਕਿਸੇ ਵੀ ਉਮਰ ਦਾ ਇਨਸਾਨ ਜੇਕਰ ਲਗਾਤਾਰ ਸਵੇਰ ਦੀ ਸੈਰ ਨਾਲ ਹਲਕੀ-ਫੁਲਕੀ ਕਸਰਤ ਕਰਦਾ ਰਹਿੰਦਾ ਹੈ ਤਾਂ ਉਸ ਇਨਸਾਨ ਨੂੰ ਜਲਦੀ ਕਿਤੇ ਕੋਈ ਬਿਮਾਰੀ ਪਕੜ ਨਹੀਂ ਕਰਦੀ ਹੈ। ਸਰਦੀਆਂ ਦੇ ਮੌਸਮ ਵਿੱਚ ਧੁੰਦ ਦੌਰਾਨ ਹਾਦਸਿਆਂ ਤੋਂ ਬਚਣ ਲਈ ਬਜੁਰਗਾਂ ਅਤੇ ਨੌਜਵਾਨਾਂ ਨੂੰ ਸਵੇਰ ਅਤੇ ਸ਼ਾਮ ਦੀ ਸੈਰ ਸੜਕਾਂ ’ਤੇ ਕਰਨ ਦੀ ਬਜਾਏ ਕਿਸੇ ਪਾਰਕ ਜਾਂ ਸਟੇਡੀਅਮ ਵਿੱਚ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।

