ਮੁੱਖ ਮੰਤਰੀ ਦਫ਼ਤਰ ਨੇ ਉਕਤ ਮਾਮਲਾ ਐਸਐਸਪੀ ਫਰੀਦਕੋਟ ਨੂੰ ਕੀਤਾ ਮਾਰਕ
ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਰੇ ਹੋਏ ਆਟੋ ਅਤੇ ਈ-ਰਿਕਸ਼ਾਵਾਂ ਵਿੱਚ ਲਿਜਾਣ ਦਾ ਗੰਭੀਰ ਮਸਲਾ ਹੁਣ ਅਧਿਕਾਰਕ ਤੌਰ ’ਤੇ ਉੱਚ ਪੱਧਰ ਤੱਕ ਪਹੁੰਚ ਗਿਆ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਗਈ ਸਖ਼ਤ ਸ਼ਿਕਾਇਤ ਹੁਣ ਐਸਐਸਪੀ ਦਫ਼ਤਰ ਫਰੀਦਕੋਟ ਨੂੰ ਮਾਰਕ ਕਰ ਦਿੱਤੀ ਗਈ ਹੈ, ਜਿਸ ਨਾਲ ਸਕੂਲ ਪ੍ਰਬੰਧਨਾਂ ਅਤੇ ਗੈਰ-ਸੁਰੱਖਿਅਤ ਟਰਾਂਸਪੋਰਟ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸੰਭਾਵਨਾ ਬਣ ਗਈ ਹੈ। ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਰਸ਼ ਸੱਚਰ ਨੇ ਕਿਹਾ ਕਿ ਇਹ ਮਸਲਾ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਫਰੀਦਕੋਟ ਦੇ ਹਰੇਕ ਮਾਪੇ ਅਤੇ ਹਰ ਬੱਚੇ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਦਾ ਹੋਇਆ ਇਹ ਭਰੋਸਾ ਕਰਦਾ ਹੈ ਕਿ ਉਹ ਸੁਰੱਖਿਅਤ ਰਹੇਗਾ, ਪਰ ਅੱਜ ਬੱਚਿਆਂ ਨੂੰ ਸਮਰੱਥਾ ਤੋਂ ਦੂਣੇ ਭਰੇ ਵਾਹਨਾਂ ਵਿੱਚ ਬਿਠਾਇਆ ਜਾ ਰਿਹਾ ਹੈ। ਇਹ ਸਿੱਧਾ-ਸਿੱਧਾ ਬੱਚਿਆਂ ਦੀ ਜਾਨ ਨਾਲ ਖਿਲਵਾਰ ਹੈ। ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸਕੂਲ ਪ੍ਰਬੰਧਨਾਂ ਨੂੰ ਬੱਚਿਆਂ ਦੀ ਆਵਾਜਾਈ ਲਈ ਸਿੱਧੀ ਜ਼ਿੰਮੇਵਾਰੀ ਹੇਠ ਲਿਆਉਣਾ ਭਵਿੱਖ ਵਿੱਚ ਕਿਸੇ ਵੀ ਅਣਹੋਣੀ ਤੋਂ ਪਹਿਲਾਂ ਰੋਕਥਾਮੀ ਕਾਰਵਾਈ ਕਰਵਾਉਣਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਤੋਂ ਆਈ ਮਾਰਕਿੰਗ ਇੱਕ ਕਾਨੂੰਨੀ ਆਧਾਰ ਹੈ, ਜਿਸ ਦੇ ਆਧਾਰ ’ਤੇ ਹੁਣ ਸਕੂਲਾਂ ਤੋਂ ਸਵਾਲ ਪੁੱਛੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ। ਅਰਸ਼ ਸੱਚਰ ਨੇ ਫਰੀਦਕੋਟ ਦੇ ਮਾਪਿਆਂ ਅਤੇ ਜ਼ਿੰਮੇਵਾਰ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸਕੂਲਾਂ ਤੋਂ ਸਵਾਲ ਪੁੱਛਣ ਅਤੇ ਇਸ ਮਸਲੇ ’ਤੇ ਚੁੱਪ ਨਾ ਰਹਿਣ, ਬੱਚਾ-ਸੁਰੱਖਿਆ ਐਕਸ਼ਨ ਕਮੇਟੀ ਬਣਾਉਣ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਹ ਕਮੇਟੀ ਐਸਐਸਪੀ ਫਰੀਦਕੋਟ ਨਾਲ ਅਧਿਕਾਰਕ ਮੀਟਿੰਗ ਕਰੇਗੀ, ਸਕੂਲਾਂ ਤੋਂ ਟਰਾਂਸਪੋਰਟ ਸਬੰਧੀ ਲਿਖਤੀ ਜਵਾਬ ਮੰਗੇਗੀ, ਗਰਾਊਂਡ ਲੈਵਲ ’ਤੇ ਨਿਗਰਾਨੀ ਕਰੇਗੀ ਅਤੇ ਜ਼ਰੂਰਤ ਪੈਣ ’ਤੇ ਕਾਨੂੰਨੀ ਕਦਮ ਵੀ ਚੁੱਕੇਗੀ। ਅਰਸ਼ ਸੱਚਰ ਨੇ ਕਿਹਾ ਇਹ ਸਮਾਂ ਸਿਰਫ਼ ਖ਼ਬਰ ਪੜ੍ਹਨ ਦਾ ਨਹੀਂ, ਖੜ੍ਹੇ ਹੋ ਕੇ ਹਿੱਸਾ ਬਣਨ ਦਾ ਹੈ। ਜੇਕਰ ਅੱਜ ਅਸੀਂ ਇਕੱਠੇ ਹੋ ਗਏ, ਤਾਂ ਹਰ ਸਕੂਲ ਨੂੰ ਬੱਚਿਆਂ ਦੀ ਸੁਰੱਖਿਆ ਬਾਰੇ ਜਵਾਬ ਦੇਣਾ ਪਵੇਗਾ। ਫਰੀਦਕੋਟ ਦੇ ਜੋ ਵੀ ਮਾਪੇ, ਸਮਾਜ ਸੇਵਕ ਜਾਂ ਨਾਗਰਿਕ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹਨ, ਉਹ ਸਿੱਧਾ ਮੋਬਾਇਲ ਨੰਬਰ 7780007878 ’ਤੇ ਸੰਪਰਕ ਕਰ ਸਕਦੇ ਹਨ। ਅਰਸ਼ ਸੱਚਰ ਨੇ ਸੁਨੇਹਾ ਦਿੱਤਾ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ, ਇਹ ਫਰੀਦਕੋਟ ਦੇ ਹਰ ਬੱਚੇ ਦੀ ਜਾਨ ਦਾ ਮਸਲਾ ਹੈ। ਹੁਣ ਸ਼ਿਕਾਇਤ ਨਹੀਂ, ਸੰਗਠਿਤ ਕਾਰਵਾਈ ਦੀ ਲੋੜ ਹੈ।

