ਜਾਅਲੀ ਜਾਤੀ ਸਰਟੀਫਿਕੇਟ ਵਾਲਿਆਂ ਨੂੰ ਵੋਟ ਨਾ ਪਾਉਣ ਦੀ ਮੋਰਚੇ ਨੇ ਕੀਤੀ ਅਪੀਲ
ਕੋਟਕਪੁਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਿਜਰਵੇਸ਼ਨ ਚੋਰ ਫੜੋ ਮੋਰਚਾ ਦੇ ਸੂਬਾਈ ਆਗੂਆਂ ਜਸਵੀਰ ਸਿੰਘ ਪਮਾਲੀ ਅਤੇ ਅਵਤਾਰ ਸਿੰਘ ਸਹੋਤਾ ਆਦਿ ਨੇ ਕੋਟਕਪੂਰਾ ਵਿਖ਼ੇ ਬੁਲਾਈ ਪ੍ਰੈਸ ਕਾਨਫਰਾਂਸ ਦੌਰਾਨ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਦੇ ਦਲਿਤ ਵਰਗ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜੀ ਦੀਆਂ ਤਸਵੀਰਾਂ ਵਿਖਾ ਕੇ ਜਾਂ ਸੰਵਿਧਾਨ ਬਚਾਉਣ ਦੇ ਵਾਸਤੇ ਪਾ ਕੇ ਵੋਟਾਂ ਹਾਸਿਲ ਕਰਨ ਲਈ ਲੇਲੜ੍ਹੀਆਂ ਕੱਢ ਰਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਲਿਤ ਵਿਰੋਧੀ ਸੋਚ ਹੋਣ ਕਾਰਨ ਅੱਜ ਪੰਜਾਬ ਦੇ ਦਲਿਤ ਵਰਗ ਅੰਦਰ ਅਸੰਤੋਸ਼ ਦਾ ਮਾਹੋਲ ਪਾਇਆ ਜਾ ਰਿਹਾ ਹੈ, ਕਿਉਕਿ ਜਿਸ ਮੁੱਖ ਮੰਤਰੀ ਨੇ ਸੂਬੇ ਦੇ ਇਸ ਵਰਗ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨੀ ਸੀ ਅੱਜ ਉਹ ਖੁੱਲ ਕੇ ਰਿਜਰਵੇਸ਼ਨ ਦੇ ਚੋਰਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਦਿਨ ਤੋ ਸੂਬੇ ਦੀ ਸੱਤਾ ਦੀ ਵਾਗਡੋਰ ਭਗਵੰਤ ਸਿੰਘ ਮਾਨ ਦੇ ਹੱਥਾਂ ਵਿੱਚ ਆਈ ਹੈ, ਉਸੇ ਦਿਨ ਤੋ ਸੂਬੇ ਦੇ ਦਲਿਤ ਵਰਗ ਦਾ ਕਾਲਾ ਦੌਰ ਸੁਰੂ ਹੋਇਆ ਹੈ, ਕਿਉਕਿ ਕਦੇ ਸਰਕਾਰ ਲਾਅ ਅਫਸਰ ਭਰਤੀ ਕਰਨ ਸਮੇ ਕਹਿੰਦੀ ਹੈ ਕਿ ਇਹ ਵਰਗ ਇਸ ਕੰਮ ਦੇ ਯੋਗ ਨਹੀ ਹੈ, ਕਦੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਘਟਾ ਦਿੰਦੀ ਹੈ ਤੇ ਮੈਂਬਰਾਂ ਦੇ ਕਾਰਕਜਾਲ ਦਾ ਸਮਾਂ ਘਟਾ ਦਿੰਦੀ ਹੈ, ਕਦੇ ਰਾਜ ਸਭਾ ਵਿੱਚ ਮੈਂਬਰ ਭੇਜਣ ਸਮੇ ਦਲਿਤ ਵਰਗ ਨੂੰ ਅੱਖੋ-ਪਰੋਖੇ ਕਰਦੀ ਹੈ, ਗੈਰ ਸੰਵਿਧਾਨਿਕ ਪੱਤਰ ਨੂੰ ਰੱਦ ਕਰਨ ਦੀ ਬਜਾਏ ਵੋਟਾਂ ਦੀ ਰਾਜਨੀਤੀ ਕਰਦੀ ਹੈ, ਜਾਅਲੀ ਐਸ.ਸੀ. ਸਰਟੀਫਿਕੇਟ ਬਣਾ ਕੇ ਯੋਗ ਐਸ.ਸੀ. ਉਮੀਦਵਾਰਾਂ ਦਾ ਹੱਕ ਖਾਣ ਵਾਲਿਆਂ ‘ਤੇ ਕੋਈ ਕਾਰਵਾਈ ਨਹੀ ਹੁਣ ਤਾਂ ਹੱਦ ਹੀ ਹੋ ਗਈ ਜਦੋ ਮੁੱਖ ਮੰਤਰੀ ਆਪਣੇ ਜਿਗਰੀ ਦੋਸ਼ਤ ਨੂੰ ਜਾਅਲੀ ਜਾਤੀ ਸਰਟੀਫਿਕੇਟ ਦੇ ਆਸਰੇ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਲਿਜਾਣ ਲਈ ਪੂਰੇ ਦੇ ਦਲਿਤ ਵਰਗ ਨਾਲ ਚਿੱਟੇ ਦਿਨ ਧੱਕਾ ਕਰ ਰਹੇ ਹਨ। ਮੋਰਚੇ ਦੇ ਆਗੂਆਂ ਨੇ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਵਿਧਾਨ ਨੂੰ ਛਿੱਕੇ ਟੰਗ ਕੇ ਸੱਤਾ ਦੇ ਨਸ਼ੇ ਵਿੱਚ ਫਰੀਦਕੋਟ ਲੋਕ ਸਭਾ ਦੇ ਕਿਸੇ ਇੱਕ ਯੋਗ ਅਨੁਸੂਚਿਤ ਜਾਤੀ ਵਰਗ ਦੇ ਵਿਅਕਤੀ ਨੂੰ ਸੰਸਦ ਵਿੱਚ ਜਾਣ ਤੋ ਰੋਕ ਰਹੇ ਹਨ ਇਸ ਲਈ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਹਲਕਾ ਫਰੀਦਕੋਟ ਦੇ ਵੋਟਰਾਂ ਨੂੰ ਅਪੀਲ ਕਰਦਾ ਹੈ ਕਿ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਰਿਜਰਵੇਸ਼ਨ ਦੇ ਚੋਰ ਨੂੰ ਵੋਟਾਂ ਨਾ ਪਾਈਆਂ ਜਾਣ, ਕਿਉਕਿ ਜਦੋਂ ਇਸ ਤਰ੍ਹਾਂ ਦੇ ਲੋਕ ਜਿੱਤ ਕੇ ਅੱਗੇ ਆਉਣਗੇ ਤਾਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀਆਂ ਮੁਸਕਿਲਾਂ ਵਿੱਚ ਵਾਧਾ ਹੋਏਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਦਵਿੰਦਰ ਗੁਗਲਾਨੀ, ਰਜਿੰਦਰ ਸਿੰਘ ਰਾਜੂ ਜੋਧਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਮੈਡਮ ਗੁਰਵਿੰਦਰ ਅੰਬੇਦਕਰੀ, ਮੋਹਣ ਮਹਿੰਦਰ ਬਠਿੰਡਾ, ਜਸ਼ਨਦੀਪ ਸਿੰਘ ਕੋਟਕਪੂਰਾ, ਬਲਕਾਰ ਸਿੰਘ ਫਰੀਦਕੋਟ, ਗੁਲਸ਼ਨ ਸਿੰਘ ਪਵਾਰ, ਰਾਜ ਕੁਮਾਰ ਕੋਚਰ, ਜਗਤਾਰ ਸਿੰਘ ਕੋਟਕਪੂਰਾ, ਡਾ. ਧਰਮਵੀਰ ਸਿੰਘ ਆਦਿ ਵੀ ਹਾਜ਼ਰ ਸਨ।