ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ ਤਿਰੰਗਾ ਝੰਡਾ ਲਹਿਰਾਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਖ ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਉਹ ਬਹੁਚਰਚਿਤ ਬੰਦ ਪਈ ਖੰਡ ਮਿੱਲ ਵਾਲੀ ਥਾਂ ’ਤੇ ਨਵੇਂ ਸਨਅਤੀ ਪ੍ਰਾਜੈਕਟ ਦਾ ਐਲਾਨ ਵੀ ਕਰਨਗੇ। ਮੁੱਖ ਮੰਤਰੀ ਫਰੀਦਕੋਟ ਦੇ ਕਸਬਾ ਜੰਡ ਸਾਹਿਬ ਵਿਖੇ ਸਪੋਰਟਸ ਸਕੂਲ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਉੱਪਰ 25 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਅਤਿ-ਆਧੁਨਿਕ ਬਣੇ ਨਵੇਂ ਵਾਰਡਾਂ ਦਾ ਉਦਘਾਟਨ ਕੀਤਾ ਜਾਵੇਗਾ, ਜਿੰਨ੍ਹਾਂ ਵਿੱਚ ਕੈਂਸਰ ਅਤੇ ਐਮਰਜੈਂਸੀ ਵਾਰਡ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ, ਜਿਨ੍ਹਾਂ ਉੱਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 600 ਕਰੋੜ ਰੁਪਏ ਦੇ ਕਰੀਬ ਪੈਸੇ ਖਰਚੇ ਹਨ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਸਬੰਧੀ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਸਮੇਂ ਫਰੀਦਕੋਟ ਲਈ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਹੋਵੇਗਾ ਅਤੇ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਵਿੱਚ ਕਰੀਬ 130 ਏਕੜ ਵਿੱਚ ਫੈਲੀ ਖੰਡ ਮਿੱਲ, ਜਿਸ ਨੂੰ 20 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਮਸ਼ੀਨਰੀ ਇੱਥੋਂ ਭੋਗਪੁਰ ਤਬਦੀਲ ਕਰ ਦਿੱਤੀ ਸੀ, ਦੀ ਥਾਂ ਉੱਪਰ ਹੋਰ ਸਨਅਤੀ ਪ੍ਰੋਜੈਕਟ ਲਾਉਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਖਾਲੀ ਪਈ ਥਾਂ ਉਪਰ ਸਨਅਤੀ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 25 ਜਨਵਰੀ ਨੂੰ ਫਰੀਦਕੋਟ ਆ ਰਹੇ ਹਨ ਅਤੇ 26 ਜਨਵਰੀ ਨੂੰ ਉਹ ਇੱਥੇ ਤਿਰੰਗਾ ਝੰਡਾ ਲਹਿਰਾਉਣਗੇ।