ਫਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿਛਲੇ ਦਿਨੀ 8 ਅਕਤੂਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਲੀਡਰਸ਼ਿਪ ਨਾਲ ਕੀਤੀ ਗਈ ਮੀਟਿੰਗ ਦੌਰਾਨ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ ਏ ਦੀਆਂ ਬਕਾਇਆ ਪਈਆਂ ਕਿਸ਼ਤਾਂ ਦੀਵਾਲੀ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੀਤੇ ਕੱਲ੍ਹ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਇਹ ਵਾਅਦਾ ਕਾਫੂਰ ਹੈ ਗਿਆ ਹ।ਇਸ ਕਾਰਨ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਗਵੰਤ ਮਾਨ ਸਰਕਾਰ ਵਿਰੁੱਧ ਭਾਰੀ ਰੋਸ ਅਤੇ ਗੁੱਸਾ ਪੈਦਾ ਹੋ ਗਿਆ ਹੈ। ਹੁਣ ਪੰਜਾਬ ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਫਿੱਕੀ ਦੀਵਾਲੀ ਮਨਾਉਣ ਲਈ ਮਜਬੂਰ ਹੋ ਗਏ ਹਨ। ਇਹ ਐਲਾਨ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਜ਼ਿਲ੍ਹਾ ਫਰੀਦਕੋਟ ਦੀ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਕੁਲਵੰਤ ਸਿੰਘ ਚਾਨੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਪ੍ਰੇਮ ਚਾਵਲਾ, ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਇਕਬਾਲ ਸਿੰਘ ਮੰਘੇੜਾ , ਸੋਮ ਨਾਥ ਅਰੋੜਾ , ਤਰਸੇਮ ਨਰੂਲਾ , ਅਮਰਜੀਤ ਕੌਰ ਛਾਬੜਾ, ਇਕਬਾਲ ਸਿੰਘ ਰਣ ਸਿੰਘ ਵਾਲਾ ਵੱਲੋਂ ਕੀਤਾ ਗਿਆ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਲੋਕਾਂ ਨਾਲ ਕੀਤੇ ਗਏ ਬਹੁਤ ਸਾਰੇ ਵਾਅਦਿਆਂ ਤੋਂ ਸ਼ਰੇਆਮ ਮੁੱਕਰ ਗਈ ਹੈ ਜਿਵੇਂ ਕਿ ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕਰਨਾ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਸੋਧੇ ਤਨਖਾਹ ਸਕੇਲਾਂ ਦਾ ਬਣਦਾ ਬਕਾਇਆ ਯਕਮੁਸ਼ਤ ਦੇਣਾ, ਮਹਿੰਗਾਈ ਭੱਤੇ ਦੀਆਂ 16 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ ਪੰਜ ਕਿਸ਼ਤਾਂ ਦੇਣਾ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਕੀਤੇ ਗਏ ਫੈਸਲਿਆਂ ਨੂੰ ਜਨਰਲਾਈਜ਼ ਕਰਨ ਦੀ ਬਜਾਏ ਹੋਰ ਲਮਕਾਉਣਾ ਆਦਿ ਮੁੱਖ ਤੌਰ ਤੇ ਸ਼ਾਮਿਲ ਹਨ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 17 ਅਕਤੂਬਰ ਨੂੰ ਮੋਗਾ ਵਿਖੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੇ ਬਰਸੀ ਸਮਾਗਮ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪੈਨਸ਼ਨਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਇੱਕ ਮਤੇ ਰਾਹੀਂ ਪਿਛਲੇ ਦਿਨੀਂ ਹਰਿਆਣਾ ਦੇ ਏ ਡੀ ਜੀ ਪੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ , ਭਾਰਤ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਜਸਟਿਸ ਗਵਈ ਤੇ ਡਿਊਟੀ ਦੌਰਾਨ ਇੱਕ ਵਕੀਲ ਵੱਲੋਂ ਜੁੱਤੀ ਉਛਾਲੇ ਜਾਣ ਨੂੰ ਨਿਆਂਪਾਲਿਕਾ ਲਈ ਗੰਭੀਰ ਖਤਰਾ ਕਰਾਰ ਦਿੱਤਾ ਗਿਆ, ਇੱਕ ਹੋਰ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਲੱਦਾਖ ਦੇ ਹਰਮਨ ਪਿਆਰੇ ਲੋਕ ਆਗੂ ਸੋਨਮ ਵਾਂਗਚੁਕ ਦੀ ‘ਰਾਸ਼ਟਰੀ ਸੁਰੱਖਿਆ ਕਾਨੂੰਨ’ ਤਹਿਤ ਕੀਤੀ ਗ੍ਰਿਫਤਾਰੀ ਤੁਰੰਤ ਰੱਦ ਕਰਕੇ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਜਸਵਿੰਦਰ ਸਿੰਘ ਬਰਾੜ ਸੇਵਾ ਮੁਕਤ ਪੇਂਡੂ ਵਿਕਾਸ ਅਧਿਕਾਰੀ, ਰਮੇਸ਼ਵਰ ਸਿੰਘ ਸੁਪਰਡੈਂਟ, ਹਰਦੀਪ ਸਿੰਘ ਫਿਡੂ ਭਲਵਾਨ, ਮਲਕੀਤ ਸਿੰਘ ਢਿੱਲਵਾਂ ਕਲਾਂ ਸੁਪਰਡੈਂਟ, ਹਾਕਮ ਸਿੰਘ ਡੀ ਪੀ ਈ, ਮੰਦਰ ਸਿੰਘ ਲੈਕਚਰਾਰ , ਮਦਨ ਲਾਲ ਸ਼ਰਮਾ ਸੰਧਵਾਂ, ਗੇਜ ਰਾਮ ਭੌਰਾ , ਸੁਖਦਰਸ਼ਨ ਸਿੰਘ ਗਿੱਲ , ਗੁਲਵੰਤ ਸਿੰਘ ਔਲਖ, ਪਰਮਿੰਦਰ ਸਿੰਘ ਜਟਾਣਾ ਅਤੇ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।