15 ਅਗਸਤ ਨੂੰ ਫਰੀਦਕੋਟ ਵਿਖੇ ਮੁੱਖ ਮੰਤਰੀ ਲਹਿਰਾਉਣਗੇ ਰਾਸ਼ਟਰੀ ਝੰਡਾ
ਕੋਟਕਪੂਰਾ, 8 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਗਭਗ 8 ਮਹੀਨੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਦਿਕ ਆਉਣ ਦੀ ਸੰਭਾਵਨਾ ਨੂੰ ਲੈ ਕੇ ਜ਼ਿਲਾ ਪ੍ਰਸ਼ਾਸ਼ਨ ਪੱਬਾਂ ਭਾਰ ਹੋ ਗਿਆ ਹੈ ਹੈ। ਇਸ ਵਾਰ ਰਾਜ ਪੱਧਰੀ ਸਮਾਗਮ 15 ਅਗਸਤ ਨੂੰ ਫਰੀਦਕੋਟ ਵਿਖੇ ਹੋ ਰਿਹਾ ਹੈ ਤੇ ਮੁੱਖ ਮੰਤਰੀ ਝੰਡਾ ਲਹਿਰਾਉਣ ਲਈ ਆ ਰਹੇ ਹਨ। ਬੀਤੀ 26 ਜਨਵਰੀ ਨੂੰ ਵੀ ਮੁੱਖ ਮੰਤਰੀ ਦਾ ਪ੍ਰੋਗਰਾਮ ਬਣਿਆ ਸੀ ਤੇ ਉਹਨਾਂ ਗੀਤਕਾਰ ਬਾਬੂ ਸਿੰਘ ਮਾਨ ਨਾਲ ਜੰਡ ਸਾਹਿਬ ਵਿਖੇ ਕਈ ਪ੍ਰੋਜੈਕਟਾਂ ਦੇੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਅਚਾਨਕ ਪ੍ਰੋਗਰਾਮ ਰੱਦ ਹੋ ਗਿਆ ਸੀ। ਹੁਣ ਫਿਰ ਉਮੀਦ ਜਿਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਜੰਡ ਸਾਹਿਬ ਆਉਣਗੇ। ਜਿਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜੰਡ ਸਾਹਿਬ ਵਿਖੇ ਜਗਾ ਦਾ ਜਾਇਜਾ ਲਿਆ ਤੇ ਵਿੱਦਿਅਕ ਸਭਾ ਦੇ ਆਗੂਆਂ ਤੋਂ ਜਾਣਕਾਰੀ ਹਾਸਲ ਕੀਤੀ। ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਅਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਹੋਰ ਅਧਿਕਾਰੀ ਸਮੇਤ ਜੰਡ ਸਾਹਿਬ ਦਾਣਾ ਮੰਡੀ, ਹਸਪਤਾਲ ਤੇ ਹੋਰ ਕਈ ਥਾਵਾਂ ਨੂੰ ਦੇਖਿਆ। ਡਿਪਟੀ ਕਮਿਸ਼ਨਰ ਮੈਡਮ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਅਤੇ ਜ਼ਿਲ੍ਹੇ ਵਿੱਚ ਜਨਤਕ ਸੁਰੱਖਿਆ ਨੂੰ ਵਧਾਉਣ ਲਈ ਫਰੀਦਕੋਟ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਦੀ ਵਿਆਪਕ ਸਮੀਖਿਆ ਕੀਤੀ ਗਈ ਹੈ। ਪੁਲਿਸ ਕਰਮਚਾਰੀਆਂ ਨੂੰ ਚੌਕਸੀ ਅਤੇ ਤੁਰਤ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਗਏ। ਫਰੀਦਕੋਟ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਆਜ਼ਾਦੀ ਦਿਵਸ ਨੂੰ ਭਾਵਨਾ, ਮਾਣ, ਸ਼ਾਂਤੀ ਅਤੇ ਏਕਤਾ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।