ਕੋਟਕਪੂਰਾ, 17 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਲੱਗੇ ਗੰਦਗੀ ਦੇ ਢੇਰ, ਪਾਣੀ ਨਿਕਾਸੀ ਅਤੇ ਸੀਵਰੇਜ ਪ੍ਰਬੰਧਾਂ ਦੀ ਸਮੱਸਿਆ, ਮੁਸ਼ਕ ਮਾਰਦਾ ਪਾਣੀ ਸਪਲਾਈ ਕਰਨ ਦੀਆਂ ਖਬਰਾਂ ਅਤੇ ਜਹਿਰੀਲੇ ਖਾਦ ਪਦਾਰਥਾਂ ਦੇ ਚੱਲਦਿਆਂ ਮਾਲਵਾ ਖੇਤਰ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਪਰ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ। ਨੇੜਲੇ ਪਿੰਡ ਸਿਰਸੜੀ ਵਿਖੇ ਇਕ ਨੌਜਵਾਨ ਨੂੰ ਕੈਂਸਰ ਦੇ ਦੈਂਤ ਨੇ ਨਿਗਲ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ 26 ਸਾਲਾ ਅਣਵਿਆਹੁਤਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਪੁੱਤਰ ਸਵ. ਰੁਲਦੂ ਸਿੰਘ ਸਾਬਕਾ ਸਰਪੰਚ ਨੂੰ ਪਿਸ਼ਾਬ ਵਾਲੀ ਥਾਂ ’ਤੇ ਪਿਛਲੇ ਕਰੀਬ ਦੋ ਸਾਲ ਪਹਿਲਾਂ ਕੈਂਸਰ ਹੋਣ ਸਬੰਧੀ ਪਤਾ ਲੱਗਾ ਸੀ। ਇਸ ਦੌਰਾਨ ਉਸ ਦਾ ਇਲਾਜ਼ ਕੈਂਸਰ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੋਂ ਚੱਲ ਰਿਹਾ ਸੀ। ਪਰਿਵਾਰਕ ਮੈਂਬਰ ਲਖਵੀਰ ਸਿੰਘ ਗਿੱਲ ਸਾਬਕਾ ਪੰਚ ਨੇ ਦੱਸਿਆ ਕਿ ਇਲਾਜ਼ ਉਪਰੰਤ ਪਿਛਲੇ ਸਮੇਂ ਵਿੱਚ ਉਹ ਕਾਫ਼ੀ ਜ਼ਿਆਦਾ ਠੀਕ ਵੀ ਹੋ ਗਿਆ ਸੀ। ਆਖ਼ਰ ਬਿਮਾਰੀ ਦੀ ਭਿਆਨਕਤਾ ਅੱਗੇ ਹਾਰ ਗਿਆ। ਉਸ ਦੀ ਮੌਤ ਕਾਰਨ ਪਿੰਡ ’ਚ ਸੋਗ ਦਾ ਮਾਹੌਲ ਹੈ।

