ਅਮਰੀਕਨ ਸਾਮਰਾਜ ਦੇ ਦਬਾਅ ਅੱਗੇ ਕਮਜ਼ੋਰੀ ਵਿਖਾਉਣ ਕਾਰਨ ਮੋਦੀ ਸਰਕਾਰ ਦੀ ਨਿਖੇਧੀ
ਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਮਰਾਜੀ ਦੇਸ਼ਾਂ ਅਮਰੀਕਾ ਅਤੇ ਬਰਤਾਨੀਆ ਵੱਲੋਂ ਜਿਸ ਤਰਾਂ ਭਾਰਤ ਸਮੇਤ ਹੋਰ ਸੁਤੰਤਰ ਦੇਸ਼ਾਂ ਖਿਲਾਫ ਵਪਾਰਕ ਜੰਗ ਛੇੜੀ ਗਈ ਹੈ ਅਤੇ ਆਪਣੇ ਹਿੱਤਾਂ ਨੂੰ ਮੂਹਰੇ ਰੱਖ ਕੇ ਵਪਾਰਕ ਸਮਝੌਤੇ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਇਸ ਦਾ ਭਾਰਤ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਨੇ ਕਿਸਾਨ ਭਰਾਵਾਂ ਨਾਲ ਮਿਲ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਅੱਜ ਵੱਖ-ਵੱਖ ਸੰਘਰਸ਼ਸ਼ੀਲ ਜੱਥੇਬੰਦੀਆਂ ਦੀ ਸਥਾਨਕ ਦਰਬਾਰ ਗੰਜ ਰੈਸਟ ਹਾਊਸ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਪੈਨਸ਼ਨਰਜ ਯੂਨੀਅਨ ਏਟਕ ਦੇ ਆਗੂ ਅਸ਼ੋਕ ਕੌਸ਼ਲ, ਮੰਡੀ ਬੋਰਡ ਮੁਲਾਜ਼ਮ ਆਗੂ ਵੀਰਇੰਦਰਜੀਤ ਸਿੰਘ ਪੁਰੀ, ਪਸਸਫ ਰਾਣਾ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਿਮਰਜੀਤ ਸਿੰਘ ਬਰਾੜ, ਨਰੇਗਾ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਵੀਰ ਸਿੰਘ ਕੰਮੇਆਣਾ, ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਸਹੋਤਾ, ਅਧਿਆਪਕ ਆਗੂ ਪ੍ਰੀਤਮ ਸਿੰਘ, ਕਰਮਜੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਮਰਾਜੀ ਦੇਸ਼ਾਂ, ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਖੇਤੀ ਅਤੇ ਡੇਅਰੀ ਉਤਪਾਦ ਲਈ ਭਾਰਤੀ ਬਜ਼ਾਰ ਖੋਲ੍ਹਣ ਅਤੇ ਭਾਰਤੀ ਬਜ਼ਾਰ ਨੂੰ ਅਮਰੀਕਨ ਕੰਪਨੀਆਂ ਦਾ ‘ਡੰਪਿੰਗ ਗਰਾਊਂਡ’ ਬਣਾਉਣ ਲਈ ਜਿਵੇਂ ਦਬਾਅ ਪਾਇਆ ਜਾ ਰਿਹਾ ਹੈ, ਉਸ ਨਾਲ ਭਾਰਤ ਦੇ ਕਿਸਾਨ ਅਤੇ ਦੁੱਧ ਉਤਪਾਦਕ ਆਰਥਿਕ ਤੌਰ ਤੇ ਤਬਾਹ ਹੋ ਜਾਣਗੇ। ਭਾਰਤ ਵੱਲੋਂ ਰੂਸ ਅਤੇ ਇਰਾਨ ਤੋਂ ਸਸਤਾ ਤੇਲ ਖਰੀਦਣ ਕਾਰਨ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦੀ ਟੈਰਿਫ ਲਾਉਣ ਦੀਆਂ ਧਮਕੀਆਂ ਦਿੱਤੀਆ ਜਾ ਰਹੀਆਂ ਹਨ ਪਰ ਮੋਦੀ ਸਰਕਾਰ ਨੇ ਇੱਕ ਵਾਰ ਵੀ ਟਰੰਪ ਨੂੰ ਠੋਕਵਾਂ ਜਵਾਬ ਨਹੀਂ ਦਿੱਤਾ, ਜਿਸ ਕਾਰਨ ਖਤਰਾ ਬਣਿਆ ਹੋਇਆ ਹੈ ਕਿ ਕਿਤੇ ਮੋਦੀ ਸਰਕਾਰ ਭਾਰਤ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੇ ਹਿੱਤ ਸਾਮਰਾਜ ਅੱਗੇ ਗਹਿਣੇ ਨਾ ਪਾ ਦੇਵੇ। ਸੋ ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜੱਥੇਬੰਦੀਆਂ ਵੱਲੋਂ 13 ਅਗਸਤ ਨੂੰ ਸਵੇਰੇ ਠੀਕ 11:00 ਵਜੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਮਿੰਨੀ ਸਕੱਤਰੇਤ ਵਿਖੇ ‘ਵਿਰੋਧ ਦਿਵਸ’ ਮਨਾਇਆ ਜਾਵੇਗਾ। ਇਸ ਦੌਰਾਨ ਸਿਵਲ ਪੈਨਸ਼ਨਰ ਐਸੋਸੀਏਸ਼ਨ, ਸਫਾਈ ਮਜ਼ਦੂਰ ਯੂਨੀਅਨ, ਡੀ ਟੀ ਐਫ ਅਤੇ ਹੋਰ ਜੱਥੇਬੰਦੀਆਂ ਨੇ ਵੀ ਵਿਰੋਧ ਦਿਵਸ ਵਿੱਚ ਸ਼ਾਮਿਲ ਹੋਣ ਲਈ ਸਹਿਮਤੀ ਪ੍ਰਗਟ ਕੀਤੀ ਹੈ।