ਸਦਾ ਰਾਮ ਬਾਂਸਲ ਸਕੂਲ ਦੇ ਬੱਚਿਆਂ ਨੇ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਉਣ ਦਾ ਕੀਤਾ ਪ੍ਰਣ

ਬੱਚਿਆਂ ਨੇ ‘ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਲਾਏ ਨਾਹਰੇ

ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਜੈਤੋ ਸੜਕ ’ਤੇ ਸਥਿੱਤ ਸਦਾ ਰਾਮ ਬਾਂਸਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਆਪਣੇ ਸਮੁੱਚੇ ਸਟਾਫ ਸਮੇਤ ਦੀਵਾਲੀ ਮੌਕੇ ਪਟਾਕੇ ਜਾਂ ਆਤਿਸ਼ਬਾਜੀ ਨਾ ਚਲਾਉਣ ਦਾ ਪ੍ਰਣ ਕਰਦਿਆਂ ਆਖਿਆ ਕਿ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਖੁਸ਼ੀ ਅਤੇ ਗਮੀ ਮੌਕੇ ਉਨੇ ਕੁ ਬੂਟੇ ਲਾਵਾਂਗੇ, ਜਿੰਨਾ ਦੀ ਸੰਭਾਲ ਯਕੀਨੀ ਬਣਾਈ ਜਾ ਸਕੇ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਮੈਡਮ ਨਿਧੀ ਬਾਂਸਲ ਅਤੇ ਪਿ੍ਰੰਸੀਪਲ ਮੈਡਮ ਸਪਨਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਈਸ ਪਿ੍ਰੰਸੀਪਲ ਮੈਡਮ ਸਿਮਰਜੀਤ ਦਿਉੜਾ ਦੀ ਨਿਗਰਾਨੀ ਹੇਠ ਕਰਵਾਏ ਗਏ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਬੱਚਿਆਂ ਨੇ ਵਾਤਾਵਰਣ ਦੀ ਸੰਭਾਲ ਲਈ ਪ੍ਰਣ ਕੀਤਾ। ਇਸ ਮੌਕੇ ਮੁੱਖ ਵਕਤਾ ਵਜੋਂ ਪੁੱਜੇ ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀਵਾਲੀ ਜਾਂ ਹੋਰ ਖੁਸ਼ੀ ਦੇ ਮੌਕਿਆਂ ’ਤੇ ਪਟਾਕੇ ਜਾਂ ਆਤਿਸ਼ਬਾਜੀ ਚਲਾਉਣ ਨਾਲ ਹੋਰ ਵਾਲੇ ਨੁਕਸਾਨਾ ਸਬੰਧੀ ਅਨੇਕਾਂ ਉਦਾਹਰਨਾ ਦੇ ਕੇ ਵਿਸਥਾਰ ਸਮੇਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੁਦਰਤ ਨਾਲ ਖਿਲਵਾੜ ਕਰਨ ਕਰਕੇ ਦਵਾਈਆਂ ਵਾਲੀਆਂ ਦੁਕਾਨਾ ਅਤੇ ਹਸਪਤਾਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਵੇਗਾ। ਉਹਨਾ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਹੁਣ ਤੱਕ ਜਾਗਰੂਕਤਾ ਵਾਲੀਆਂ ਲੱਖਾਂ ਕਾਪੀਆਂ ਮੁਫਤ ਵੰਡੀਆਂ ਜਾ ਚੁੱਕੀਆਂ ਹਨ। ਉਹਨਾਂ ਵਾਤਾਵਰਣ ਦੀ ਸੰਭਾਲ ਨਾਲ ਹੋਣ ਵਾਲੇ ਅਨੇਕਾਂ ਫਾਇਦਿਆਂ ਦਾ ਵਿਸਥਾਰ ਵਿੱਚ ਜਿਕਰ ਕੀਤਾ। ਉਹਨਾ ਪਲੀਤ ਕੀਤੇ ਜਾ ਰਹੇ ਦਰਿਆਵਾਂ, ਧਰਤੀ ਹੇਠਲੇ ਪਾਣੀ, ਜੰਗਲਾਂ ਦੀ ਅੰਨੇਵਾਹ ਕਟਾਈ, ਜੈਵ ਵਿਭਿੰਨਤਾ ਅਤੇ ਵਾਤਾਵਰਣ ਦੀ ਬੱਚਤ ਲਈ ਬਣੀਆਂ ਜਲਗਾਹਾਂ, ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ, ਜਲਵਾਯੂ ਪਰਿਵਰਤਨ, ਰੇਹਾਂ ਅਤੇ ਸਪਰੇਆਂ, ਸ਼ੋਰ ਪ੍ਰਦੂਸ਼ਣ ਆਦਿ ਸਬੰਧੀ ਵਿਸਥਾਰ ਵਿੱਚ ਜਿਕਰ ਕਰਦਿਆਂ ਦੱਸਿਆ ਕਿ ਉਪਰੋਕਤ ਕਾਰਨਾ ਕਰਕੇ ਦਿਨੋ ਦਿਨ ਕੈਂਸਰ, ਦਿਲ ਦੇ ਰੋਗ, ਕਾਲਾ ਪੀਲੀਆ, ਚਮੜੀ ਦੇ ਰੋਗ, ਹੱਡੀਆਂ ਦੇ ਰੋਗ, ਅੰਤੜੀਆਂ ਦੇ ਰੋਗ, ਅੱਖਾਂ ਦੀਆਂ ਬਿਮਾਰੀਆਂ, ਮੰਦਬੁੱਧੀ ਜਾਂ ਅਪਾਹਜ ਬੱਚੇ ਪੈਦਾ ਹੋਣ ਦੀ ਤਾਦਾਦ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਮੈਨੇਜਮੈਂਟ ਵਲੋਂ ਮੈਡਮ ਕਿਰਨ ਅਰੋੜਾ ਨੇ ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸੁਸਾਇਟੀ ਦੇ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਨੂੰ ਜੀ ਆਇਆਂ ਆਖਦਿਆਂ ਅਤੇ ਉਹਨਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਸਕੂਲ ਦਾ ਸਮੁੱਚਾ ਸਟਾਫ ਅਤੇ ਬੱਚੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਗੇ ਅਤੇ ਵਾਤਾਵਰਣ ਦੀ ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਬੱਚਿਆਂ ਨੇ ਭਵਿੱਖ ਵਿੱਚ ਕੁਦਰਤ ਨਾਲ ਖਿਲਵਾੜ ਨਾ ਕਰਨ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਸਬੰਧੀ ਪ੍ਰਣ ਕਰਦਿਆਂ ‘ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਅਕਾਸ਼ ਗੁੰਜ਼ਾਊ ਨਾਹਰੇ ਵੀ ਲਾਏ। ਅੰਤ ਵਿੱਚ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ।

