ਜ਼ਿੰਦਗੀ ’ਚ ਕਾਮਯਾਬੀ ਲਈ ਕੇਵਲ ਅਤੇ ਕੇਵਲ ਸਖ਼ਤ ਮਿਹਨਤ ਜ਼ਰੂਰੀ : ਗਰੇਵਾਲ
ਕੋਟਕਪੂਰਾ, 19 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰਪਾਲ ਸਿੰਘ ਮੈਨੇਜਿੰਗ ਟਰੱਸਟੀ, ਡਾ. ਬੀ.ਐਨ.ਐਸ. ਵਾਲੀਆ ਅਤੇ ਕੁਲਮੀਤ ਸਿੰਘ ਅਮਰੀਕਾ ਦੀ ਅਗਵਾਈ ’ਚ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋਂ ਸਿੱਖਿਆ ਦੇ ਖੇਤਰ ਅੰਦਰ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਸਿੱਖਿਆ ਸਬੰਧੀ ਸੇਵਾ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਵਿਖੇ ਹਰਵਿੰਦਰ ਸਿੰਘ ਮਰਵਾਹਾ ਕੋਆਰਡੀਨੇਟਰ ਫਰੀਦਕੋਟ ਨੇ ਦੱਸਿਆ ਕਿ ਨਵੋਦਿਆ ਸਕੂਲਾਂ ਅੰਦਰ ਭੇਜਣ ਲਈ ਪੰਜਾਬ ’ਚ 125 ਅਤੇ ਫਰੀਦਕੋਟ ਜ਼ਿਲ੍ਹੇ ਅੰਦਰ 15 ਕੋਚਿੰਗ ਸੈਂਟਰ ਚਲਾਏ ਗਏ। ਇਨ੍ਹਾਂ ਕੋਚਿੰਗ ਸੈਂਟਰਾਂ ਅੰਦਰ ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ’ਚ ਦਾਖਲ ਹੋਣ ਲਈ ਮੁਫਤ ਤਿਆਰੀ ਕਰਵਾਈ ਗਈ ਅਤੇ ਇਸ ਮੌਕੇ ਕਿਤਾਬਾਂ, ਸਟੇਸ਼ਨਰੀ ਆਦਿ ਵੀ ਮੁਫਤ ਦਿੱਤੀ ਗਈ। ਉਨ੍ਹਾਂ ਦੱਸਿਆ ਸ਼ੈਸ਼ਨ 2025-2026 ਲਈ ਸੈਂਟਰ ਫਰੀਦਕੋਟ 2, ਸਾਦਿਕ 5, ਢੀਮਾਂਵਾਲੀ 1, ਮਹਿਮੂਆਣਾ 2, ਨਵਾਂ ਕਿਲਾ 5, ਕੋਟਕਪੂਰਾ 2, ਜੈਤੋ 4, ਹਰੀਨੌਂ 5, ਬਰਗਾੜੀ 3, ਪੰਜਗਰਾਈਂ 2, ਢਿੱਲਵਾਂ ਕਲਾਂ 2 ਕੁੱਲ 33 ਵਿਦਿਆਰਥੀ ਕਾਮਯਾਬ ਹੋਏ, ਹੁਣ ਤੱਕ 1500 ਤੋਂ ਵੱਧ ਬੱਚਿਆਂ ਨੂੰ ਭਾਈ ਜੈਤਾ ਜੀ ਫ਼ਾਊਡੇਸ਼ਨ ਵੱਲੋਂ ਜਵਾਹਰ ਨਵੋਦਿਆ ਸਕੂਲਾਂ ’ਚ ਦਾਖਲ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਇਸ ਦੇ ਨਾਲ ਸੁਪਰ ਥਰਟੀ ਪ੍ਰੋਗਰਾਮ ਤਹਿਤ 11ਵੀਂ ਅਤੇ 12ਵੀਂ ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਨੀਟ ਅਤੇ ਜੇ.ਈ.ਈ. ਦੀ ਤਿਆਰੀ ਚੰਡੀਗੜ੍ਹ ਅੰਦਰ ਦੋ ਸਾਲ ਰੱਖ ਕੇ ਮੁਫਤ ਕਰਵਾਈ ਜਾਂਦੀ ਹੈ, ਕੋਚਿੰਗ, ਰਿਹਾਇਸ਼, ਖਾਣਾ ਆਦਿ ਸਭ ਦੀ ਸਹੂਲਤ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਤੱਕ 360 ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਅਤੇ ਆਈ.ਆਈ.ਟੀ. ਲਈ ਸਰਕਾਰੀ ਕਾਲਜ ਜਾਂ ਚੰਗੇ ਰੈਪੂਟੇਸ਼ਨ ਵਾਲੇ ਕਾਲਜਾਂ ’ਚ ਦਾਖਲ ਕਰਵਾਇਆ ਜਾ ਚੁੱਕਾ ਹੈ। ਅੱਜ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖ਼ੇ ਨਵੋਦਿਆ ਲਈ ਕਾਮਯਾਬ ਵਿਦਿਆਰਥੀਆਂ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਰਭਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਰੀਦਕੋਟ ਸ਼ਾਮਲ ਹੋਏ। ਉਨ੍ਹਾਂ ਭਾਈ ਜੈਤਾ ਜੀ ਫ਼ਾਊਡੇਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਜ਼ਿੰਦਗੀ ’ਚ ਕਾਮਯਾਬੀ ਲਈ ਸਖ਼ਤ ਮਿਹਨਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਟੀਚਾ ਨਿਰਧਾਰਿਤ ਕਰਕੇ ਕਰੜੀ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ 110 ਕਿਤਾਬਾਂ ਦੇ ਲੇਖਕ ਪਿ੍ਰੰਸੀਪਲ ਬਹਾਦਰ ਸਿੰਘ ਚੰਡੀਗੜ੍ਹ ਨੇ ਬੱਚਿਆਂ ਨੂੰ ਭਾਈ ਜੈਤਾ ਜੀ ਫ਼ਾਊਡੇਸ਼ਨ ਦੇ ਪ੍ਰੋਗਰਾਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਅਧਿਆਪਕਾਂ, ਮਾਤਾ-ਪਿਤਾ ਦਾ ਸਤਿਕਾਰ ਕਰਨ, ਜ਼ਿੰਦਗੀ ’ਚ ਸਫ਼ਲਤਾ ਲਈ ਯੋਜਨਾਬੱਧ ਢੰਗ ਨਾਲ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ। ਇਲਾਕੇ ਦੇ ਵਿਦਵਾਨ ਡਾ. ਅਵੀਨਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਫ਼ਲਤਾ ਦੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਨਿਰੰਤਰ ਮਿਹਨਤ ਕਰਨ ਦੀ ਸਿੱਖਿਆ ਦਿੱਤੀ। ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ਰੰਸੀਪਲ ਦਲਬੀਰ ਸਿੰਘ ਨੇ ਬੱਚਿਆਂ ਨੂੰ ਚੰਗਾ ਜੀਵਨ ਜਿਉਣ ਦੀ ਜਾਂਚ ਦੱਸੀ ਅਤੇ ਪੜ੍ਹ-ਲਿਖ ਕੇ ਚੰਗੇ ਰੁਤਬੇ ਪ੍ਰਾਪਤ ਕਰਨ ਲਈ ਪ੍ਰੇਰਤ ਕੀਤਾ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਨਮਾਨ ਮੌਕੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਨੇ ਕਈ ਸਾਲਾਂ ਤੋਂ ਭਾਈ ਜੈਤਾ ਜੀ ਫ਼ਾਊਡੇਸ਼ਨ ਵੱਲੋਂ ਖਾਸ ਕਰਕੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸੇਧ ਦੇਣ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਮਾਜਸੇਵੀ ਸ਼ਿਵਜੀਤ ਸਿੰਘ ਸੰਘਾ ਨੇ ਬਾਖੂਬੀ ਨਿਭਾਈ। ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਜਸਬੀਰ ਸਿੰਘ ਜੱਸੀ ਵੀ ਹਾਜ਼ਰ ਸਨ। ਸਮਾਗਮ ਦੀ ਸਫ਼ਲਤਾ ਲਈ ਮਹਿਲ ਸਿੰਘ, ਗੋਬਿੰਦ ਸਿੰਘ, ਸੰਦੀਪ ਸਿੰਘ, ਸਿਮਰਨੂਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਮੋਗਾ ਆਦਿ ਨੇ ਵੀ ਪੂਰਨ ਸਹਿਯੋਗ ਦਿੱਤਾ।