ਕੋਟਕਪੂਰਾ, 2 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰਪਾਲ ਸਿੰਘ ਮੈਨੇਜਿੰਗ ਟਰੱਸਟੀ ਅਤੇ ਡਾਕਟਰ ਬੀ.ਐੱਨ.ਐੱਸ. ਵਾਲੀਆ ਦੀ ਅਗਵਾਈ ’ਚ ਸੇਵਾ ਕਾਰਜ ਕਰ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ ਵਿੱਦਿਆ ਦੇ ਖੇਤਰ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਮਰਵਾਹ ਨੇ ਦੱਸਿਆ ਕਿ ਨਵੋਦਿਆ ਸਕੂਲ ’ਚ ਭੇਜਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ 12 ਕੋਚਿੰਗ ਸੈਂਟਰ ਮੁਫ਼ਤ ਚਲਾਏ ਗਏ ਹਨ। ਉਹਨਾਂ ਦੱਸਿਆ ਕਿ ਨਵੋਦਿਆ ਦੀਆਂ 80 ਸੀਟਾਂ ’ਚੋਂ 52 ਵਿਦਿਆਰਥੀ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਚਲਾਏ ਗਏ ਕੋਚਿੰਗ ਸੈਂਟਰਾਂ ’ਚੋਂ ਸਫਲ ਹੋਏ ਹਨ, ਜੈਤੋ 13, ਕੋਟਕਪੂਰਾ 01, ਹਰੀਨੌਂ 04, ਢੀਂਮਾਵਾਲੀ 03, ਮਹਿਮੂਆਣਾ 04, ਢਿੱਲਵਾਂ ਖੁਰਦ 07, ਸਾਦਿਕ 02, ਬਰਗਾੜੀ 08, ਕਿਲਾ ਨੌਂ 05, ਸੰਧਵਾਂ 01, ਮੰਡਵਾਲਾ 03, ਪੱਕਾ 02 ਕੁੱਲ 52 ਵਿਦਿਆਰਥੀ ਕਾਮਯਾਬ ਹੋਏ, ਹੁਣ ਤੱਕ 1250 ਤੋਂ ਵੱਧ ਵਿਦਿਆਰਥੀ ਨਵੋਦਿਆ ਭੇਜੇ ਜਾ ਚੁੱਕੇ ਹਨ। ਮਨਦੀਪ ਸਿੰਘ ਸੁਪਰਵਾਈਜ਼ਰ ਨੇ ਦੱਸਿਆ ਕਿ ਨਵੋਦਿਆ ਤੋਂ ਇਲਾਵਾ ‘ਨੀਟ’ ਅਤੇ ਜੇ.ਈ.ਈ. ਦੀ ਤਿਆਰੀ ਦੋ ਸਾਲ ਚੰਡੀਗੜ ਸੈਂਟਰ ’ਚ ਰੱਖ ਕੇ ਮੁਫਤ ਕਰਵਾਈ ਜਾਂਦੀ ਹੈ, ਹੁਣ ਤੱਕ 300 ਤੋਂ ਵੱਧ ਬੱਚੇ ਕਾਮਯਾਬੀ ਹਾਸਲ ਕਰ ਚੁੱਕੇ ਹਨ। ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸੰਸਥਾ ਦੇ ਕੀਤੇ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਉਕਤ ਬੱਚਿਆਂ ਦੇ ਵਾਰਸਾਂ ਵਲੋਂ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਾਂਦਾ ਹੈ।