ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿਧਾਨ ਸਭਾ ਹਲਕੇ ਦੇ ਭਾਗਥਲਾ ਕਲਾਂ ਅਤੇ ਭਾਗਥਲਾ ਖੁਰਦ ਪਿੰਡਾਂ ਦੀਆਂ ਸਾਲਾਂ ਪੁਰਾਣੀਆਂ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਹੁਣ ਜਲਦ ਹੀ ਹੱਲ ਹੋਣਗੀਆਂ, ਕਿਉਂਕਿ ਇਨ੍ਹਾਂ ਪਿੰਡਾਂ ਲਈ ਪਾਣੀ ਸਪਲਾਈ ਨੂੰ ਲੈ ਕੇ ਇੱਕ ਵੱਡੀ ਅਤੇ ਮਹੱਤਵਪੂਰਨ ਯੋਜਨਾ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਣੀ ਸਪਲਾਈ ਦੀ ਇਸ ਯੋਜਨਾ ਨੂੰ ਪਹਿਲ ਦੇ ਆਧਾਰ ’ਤੇ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਗਥਲਾ ਕਲਾਂ ਅਤੇ ਭਾਗਥਲਾ ਖੁਰਦ ਪਿੰਡਾਂ ਵਿੱਚ ਪੀਣਯੋਗ ਪਾਣੀ ਦੀ ਲਗਾਤਾਰ ਤੇ ਸੁਚੱਜੀ ਸਪਲਾਈ ਯਕੀਨੀ ਬਣਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਨਾਬਾਰਡ ਬੈਂਕ ਦੇ ਗ੍ਰਾਮੀਣ ਬੁਨਿਆਦੀ ਢਾਂਚਾ ਵਿਕਾਸ ਫੰਡ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਨਾਲ ਲਾਗੂ ਹੋਵੇਗੀ। ਸ੍ਰ. ਸੇਖੋਂ ਨੇ ਦੱਸਿਆ ਕਿ ਇਸ ਯੋਜਨਾ ਉਤੇ ਕੁੱਲ 1 ਕਰੋੜ 6 ਲੱਖ 69 ਹਜ਼ਾਰ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ, ਜਿਸ ਵਿੱਚੋਂ 90 ਲੱਖ 77 ਹਜ਼ਾਰ ਰੁਪਏ ਨਾਬਾਰਡ ਵੱਲੋਂ ਅਤੇ 16 ਲੱਖ 2 ਹਜ਼ਾਰ ਰੁਪਏ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਯੋਜਨਾ ਅਧੀਨ ਦੋਵਾਂ ਪਿੰਡਾਂ ਵਿੱਚ ਨਵੀਂ ਪਾਣੀ ਸਪਲਾਈ ਲਾਈਨ ਪਾਈ ਜਾਵੇਗੀ, ਨਵਾਂ ਪ੍ਰੈਸ਼ਰ ਸੈਂਡ ਫਿਲਟਰ ਯੰਤਰ ਤਿਆਰ ਕੀਤਾ ਜਾਵੇਗਾ, ਇਨਲੈਟ ਚੈਨਲ ਬਣਾਇਆ ਜਾਵੇਗਾ ਅਤੇ ਪਾਣੀ ਸਟੋਰੇਜ ਟੈਂਕ, ਪੰਪ ਚੈਂਬਰ ਤੇ ਸਾਫ ਪਾਣੀ ਟੈਂਕ ਦੀ ਵੀ ਮੁਰੰਮਤ ਕੀਤੀ ਜਾਵੇਗੀ, ਜਿਸ ਨਾਲ ਪਾਣੀ ਸਪਲਾਈ ਦੀ ਗੁਣਵੱਤਾ ਤੇ ਲਗਾਤਾਰਤਾ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਦੀ ਜ਼ਿੰਦਗੀ ਵਿੱਚ ਬਿਹਤਰੀ ਲਿਆਉਣ ਦੀ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਪਿੰਡਾਂ ਦੇ ਨਿਵਾਸੀਆਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਮੌਕਾ ਮਿਲ ਸਕੇ। ਸ੍ਰ. ਸੇਖੋਂ ਨੇ ਭਰੋਸਾ ਦਿੱਤਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਭਾਗਥਲਾ ਕਲਾਂ ਅਤੇ ਭਾਗਥਲਾ ਖੁਰਦ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਬਚਨਬੰਧ ਹੈ ਅਤੇ ਭਵਿੱਖ ਵਿੱਚ ਵੀ ਪਿੰਡਾਂ/ਸ਼ਹਿਰਾਂ ਦੇ ਲੋਕਾਂ ਲਈ ਵਿਕਾਸ ਸਬੰਧੀ ਹੋਰ ਯੋਜਨਾਵਾਂ ਲਿਆਂਦੀਆਂ ਜਾਣਗੀਆਂ।