ਕੋਟਕਪੂਰਾ, 20 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਜਿਲਾ ਫਰੀਦਕੋਟ ਦੇ ਸੀਨੀਅਰ ਆਗੂ, ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਸ੍ਰੀ ਹਰਦੀਪ ਸ਼ਰਮਾ ਨੇ ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਫੁਲਦਾਰ, ਫਲਦਾਰ ਅਤੇ ਛਾਦਾਰ ਬੂਟੇ ਵੰਡੇ। ਇਹ ਬੂਟੇ ਉਹਨਾਂ ਨੇ ਪਿੰਡ ਬਾਮਣਵਾਲਾ, ਕੋਹਾਰਵਾਲਾ, ਚੱਕ ਕਲਿਆਣ, ਫਿਡੇ ਕਲਾਂ, ਡੱਗੂਰੋਮਾਣਾ ਵਿੱਚ ਵੰਡੇ। ਉਹਨਾਂ ਨੇ ਹਲਕੇ ਦੇ ਨੌਜਵਾਨਾਂ ਨੂੰ ਕੁਦਰਤ ਦੇ ਨੇੜੇ ਰਹਿਣ ਅਤੇ ਰੁੱਖਾਂ ਦੀ ਸੰਭਾਲ ਕਰਨ ਦੀ ਪ੍ਰੇਰਨਾ ਵੀ ਦਿੱਤੀ। ਅੱਗੇ ਉਹਨਾਂ ਦੱਸਿਆ ਕਿ ਇਹਨਾਂ ਰੁੱਖਾਂ ਤੋਂ ਸਾਨੂੰ ਜਿੱਥੇ ਫਲ ਫੁੱਲ ਮਿਲਦੇ ਹਨ, ਨਾਲ ਹੀ ਠੰਡੀਆਂ ਛਾਵਾਂ ਵੀ ਮਿਲਦੀਆਂ ਹਨ। ਇਹ ਬੂਟੇ ਵਾਤਾਵਰਣ ਨੂੰ ਸੋਹਣਾ ਸੁਚੱਜਾ ਅਤੇ ਤਾਪਮਾਨ ਨੂੰ ਸਥਿਰ ਰੱਖਣ ਵਿੱਚ ਵੀ ਸਾਡੀ ਮਦਦ ਕਰਦੇ ਹਨ। ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿੱਥੇ ਡਿਵੈਲਪਮੈਂਟ ਦੇ ਨਾਮ ‘ਤੇ ਹਰ ਰੋਜ਼ ਲੱਖਾਂ ਬੂਟਿਆਂ ਨੂੰ ਕੱਟਿਆ ਜਾਂਦਾ ਹੈ, ਉਥੇ ਸਾਨੂੰ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਹੋਰ ਵੱਧ ਤੋਂ ਵੱਧ ਨਵੇਂ ਪੌਦੇ ਵੀ ਲਾਉਣੇ ਚਾਹੀਦੇ ਹਨ। ਪਿੰਡਾਂ ਦੇ ਲੋਕਾਂ ਨੇ ਉਹਨਾਂ ਦੀ ਅਜਿਹੇ ਸਮਾਜਸੇਵੀ ਕੰਮਾਂ ਕਰਕੇ ਸਲਾਂਘਾ ਕੀਤੀ ਅਤੇ ਖੁੱਲ ਕੇ ਸਾਥ ਦਿੰਦਾ ਭਰੋਸਾ ਵੀ ਜਤਾਇਆ। ਇਸ ਮੌਕੇ ਉਹਨਾਂ ਨਾਲ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਐਸਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ, ਗਗਨ ਪੰਡਿਤ ਕੋਟਕਪੂਰਾ ਅਤੇ ਅਨੇਕਾਂ ਹੋਰ ਸਾਥੀ ਵੀ ਹਾਜਰ ਸਨ।