ਫਰੀਦਕੋਟ ਦੇ ਧਰਤੀ ਪੁੱਤਰ ਸਨ ਗਿਆਨੀ ਜੈਲ ਸਿੰਘ ਸੰਧਵਾਂ : ਹੰਸ ਰਾਜ ਹੰਸ
ਗਿਆਨੀ ਜੈਲ ਸਿੰਘ ਨੇ ਪਹਿਲੇ ਸਿੱਖ ਰਾਸ਼ਟਰਪਤੀ ਬਣਨ ਦਾ ਮਾਣ ਹਾਸਿਲ ਕੀਤਾ : ਹੰਸ ਰਾਜ ਹੰਸ
ਫਰੀਦਕੋਟ , 22 ਮਈ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਅੱਜ ਫਰੀਦਕੋਟ ਦੇ ਧਰਤੀ ਦੇ ਪੁੱਤਰ ਅਤੇ ਦੇਸ਼ ਦੇ ਮਹਾਨ ਨੇਤਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੰਧਵਾਂ ਜੀ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਗਏ। ਉਹਨਾਂ ਨੇ ਇਸ ਮੌਕੇ ਗਿਆਨੀ ਜੀ ਦੇ ਜੀਵਨ ਕਾਲ ਦੀਆਂ ਅਹਿਮ ਘਟਨਾਵਾਂ ਅਤੇ ਉਹਨਾਂ ਦੇ ਸਿਆਸੀ ਜੀਵਨ ਦੇ ਕੰਮਕਾਜ, ਪ੍ਰਾਪਤੀਆਂ ‘ਤੇ ਵੀ ਚਰਚਾ ਕੀਤੀ।
ਹੰਸ ਨੇ ਕਿਹਾ ਕਿ ਰਿਆਸਤ ਫਰੀਦਕੋਟ ਦੇ ਰਾਜੇ ਦੇ ਖਿਲਾਫ ਪਰਜਾ ਮੰਡਲ ਅੰਦੋਲਨ ਦੌਰਾਨ ਗਿਆਨੀ ਜੈਲ ਸਿੰਘ ਇੱਕ ਸਿਆਸੀ ਕਾਰਕੂਨ ਵਜੋਂ ਸ਼ੁਰੂ ਹੋਏ ਅਤੇ ਰਾਜਸ਼ਾਹੀ ਵੱਲੋਂ ਅੰਦੋਲਨ ਨੂੰ ਦਬਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਭੇਂਟ ਵੀ ਚੜੇ। ਉਹਨਾਂ ਨਾਲ ਤਸ਼ੱਦਦ ਵੀ ਹੋਇਆ ਅਤੇ ਜੇਲ ਵਿੱਚ ਵੀ ਡੱਕਿਆ ਗਿਆ। ਬਾਬਾ ਫਰੀਦ ਦੀ ਧਰਤੀ ਤੋਂ ਉੱਠ ਕੇ ਦੇਸ਼ ਦੀ ਰਾਜਨੀਤੀ ਵਿੱਚ ਉਹ ਧਰੂ ਤਾਰੇ ਵਾਂਗੂ ਛਾਏ ਰਹੇ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ‘ਤੇ ਕਈ ਨਿਵੇਕਲੇ ਅਤੇ ਮੌਲਿਕ ਫੈਸਲੇ ਕੀਤੇ ਜਿਨ੍ਹਾਂ ਵਿੱਚੋਂ ਸਾਹਿਬੇ ਕਮਾਲ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਗੁਰੂ ਜੀ ਦੇ ਅਨੰਦਪੁਰ ਦੇ ਕਿਲੇ ਤੋਂ ਨਿਕਲਣ ਤੋਂ ਬਾਅਦ ਜਿੱਥੋਂ ਜਿੱਥੋਂ ਹੋ ਕੇ ਗੁਰੂ ਸਾਹਿਬ ਪੰਜਾਬ ਤੋਂ ਬਾਹਰ ਗਏ, ਉਸ ਸਾਰੇ ਰੂਟ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਦੇ ਕੇ ਉੱਥੇ ਇੱਕ ਸੜਕ ਦਾ ਨਿਰਮਾਣ ਕੀਤਾ ਅਤੇ ਦਸਮ ਪਾਤਸ਼ਾਹ ਦੇ ਪ੍ਰਤੀ ਆਪਣੇ ਪ੍ਰੇਮ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਫਰੀਦਕੋਟ ਦੇ ਜੰਮਪਲ ਗਿਆਨੀ ਜੀ ਦੇਸ਼ ਦੇ ਸਰਵਉੱਚ ਨਾਗਰਿਕ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਅਤੇ ਪਹਿਲੇ ਸਿੱਖ ਰਾਸ਼ਟਰਪਤੀ ਬਣਨ ਦਾ ਮਾਣ ਹਾਸਿਲ ਕੀਤਾ। ਜਿਕਰਯੋਗ ਹੈ ਕਿ ਪੰਜਾਬ ਦੇ ਸਾਰੇ ਮੁੱਖ ਮੰਤਰੀ ਜੱਟ ਬਿਰਾਦਰੀ ਵਿੱਚੋਂ ਹੀ ਹੋਏ ਹਨ। ਉਹਨਾਂ ਵਿੱਚ ਇੱਕੋ ਇੱਕ ਗੈਰ ਜੱਟ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ ਜੋ ਰਾਮਗੜੀਆ ਭਾਈਚਾਰੇ ਨਾਲ ਸਬੰਧਤ ਸਨ। ਹੰਸਰਾਜ ਹੰਸ ਨੇ ਗਿਆਨੀ ਜੀ ਦੇ ਸਮਾਧੀ ਤੇ ਫੁੱਲ ਭੇਂਟ ਕੀਤੇ ਅਤੇ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਹੰਸ ਰਾਜ ਹੰਸ ਨੇ ਦੇਵੀ ਵਾਲਾ, ਸੂਬਾ ਮਾਨ ਸਿੰਘ ਅਤੇ ਬੀੜ ਸਿੱਖਾਂ ਵਾਲਾ ਦਾ ਦੌਰਾ ਕੀਤਾ। ਆਪਣੇ ਚੋਣ ਪ੍ਰਚਾਰ ਰਾਹੀਂ ਨਗਰ ਦੀ ਜਨਤਾ ਨੂੰ ਇਹ ਸੰਦੇਸ਼ ਦਿੱਤਾ ਕਿ ਭਾਜਪਾ ਇੱਕ ਮਾਤਰ ਐਸੀ ਪਾਰਟੀ ਹੈ ਜੋ ਦੇਸ਼ ਪ੍ਰਦੇਸ਼ ਦੇ ਨਾਲ ਨਾਲ ਫਰੀਦਕੋਟ ਦੇ ਭਵਿੱਖ ਲਈ ਵੀ ਬਹੁਤ ਜਰੂਰੀ ਹੈ। ਇਸ ਪਾਰਟੀ ਦੀ ਤੀਸਰੀ ਵਾਰ ਹੋਣ ਜਾ ਰਹੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਪਹਿਲੀਆਂ ਦੋ ਵਾਰੀਆਂ ਵਿੱਚ ਇਸ ਪਾਰਟੀ ਨੇ ਆਪਣੀ ਸਰਕਾਰ ਵਿੱਚ ਕਿਸੇ ਕਿਸਮ ਦਾ ਭਰਿਸ਼ਟਾਚਾਰ ਨਹੀਂ ਹੋਣ ਦਿੱਤਾ। ਦੇਸ਼ ਸੇਵਾ ਅਤੇ ਦੇਸ਼ ਦੇ ਕਲਿਆਣ ਲਈ ਧਾਰਾ 370 ਦਾ ਹਟਾਉਣਾ, ਰਾਮ ਮੰਦਿਰ ਦਾ ਨਿਰਮਾਣ, ਤਿੰਨ ਤਲਾਕ ਵਰਗੀ ਉਹ ਪ੍ਰਥਾ ਜਿਸ ਨਾਲ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਲਈ ਜੀਣਾ ਮੁਹਾਲ ਸੀ, ਉਸ ਤੋਂ ਨਿਜਾਤ ਵੀ ਦੁਆਈ। ਦੇਸ਼ ਵਿੱਚ ਸੜਕਾਂ ਰੇਲ ਲਾਈਨਾਂ ਅਤੇ ਰੇਲ ਨੂੰ ਇੱਕ ਨਵੀਂ ਦਿੱਖ ਦਿੱਤੀ। ਵੱਡੇ ਪੱਧਰ ‘ਤੇ ਨਿਰਮਾਣ ਕਾਰਜ ਕੀਤੇ ਅਤੇ ਦੇਸ਼ ਵਾਸੀਆਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ, ਗਰੀਬ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਤਹਿਤ ਲਾਭ ਦੇਣ ਦੀ ਨੀਤੀ ਤੇ ਸਫਲਤਾ ਅਤੇ ਇਮਾਨਦਾਰੀ ਨਾਲ ਚੱਲ ਕੇ ਵਿਖਾਇਆ।
ਇਸ ਮੌਕੇ ਉਹਨਾਂ ਦੇ ਨਾਲ ਡਾ. ਪਵਨ ਸ਼ਮਸ਼ੇਰ ਸਿੰਘ, ਗੁਰਜਲ ਸਿੰਘ, ਗੌਰਵ ਕੱਕੜ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਰੀਦਕੋਟ, ਦੁਰਗੇਸ਼ ਸ਼ਰਮਾ ਸਕੱਤਰ ਭਾਜਪਾ ਪੰਜਾਬ, ਕਰਤਾਰ ਸਿੰਘ ਸਿੱਖਾਂ ਵਾਲਾ ਪ੍ਰੇਮ ਸਿੰਘ ਸਫਰੀ ਅਤੇ ਹੋਰ ਸੀਨੀਅਰ ਲੀਡਰ ਵੀ ਮੌਜੂਦ ਸਨ।