ਭਾਜਪਾ ਦਾ ਕੰਮ ਲੋਕ ਭਲਾਈ ਸਕੀਮਾ ਨੂੰ ਲੋਕਾਂ ਤੱਕ ਪਹੁੰਚਾਉਣਾ
ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਭਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਚਲਾਈ ਮੁਹਿੰਮ ਨੂੰ ਸੂਬਾ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਜਾਬ ਦੇ ਵੱਖ ਵੱਖ ਜਿਲਿਆਂ ’ਚ ਪੁਲਿਸ ਨੇ ਕੈਂਪਾਂ ਨੂੰ ਰੋਕ ਕੇ ਸੈਂਕੜੇ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬ ਸਰਕਾਰ ਬੀਜੇਪੀ ਦੀ ਵੱਧਦੀ ਲੋਕਪ੍ਰਿਯਤਾ ਤੋਂ ਬੁਖਲਾਈ ਹੋਈ ਹੈ ਤੇ ਸਰਕਾਰ ਦੀ ਇਹ ਘਟੀਆ ਕਾਰਵਾਈ ਨਿੰਦਣਯੋਗ ਹੈ। ਇਹ ਪ੍ਰਗਟਾਵਾ ਮਨਜੀਤ ਨੇਗੀ ਜਨਰਲ ਸਕੱਤਰ ਭਾਜਪਾ ਕੋਟਕਪੂਰਾ ਨੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਭਲਾਈ ਯੋਜਨਾਵਾਂ ਨਾਲ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਸਿੱਧਾ ਫਾਇਦਾ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਲੋਕ ਬੀਜੇਪੀ ਨਾਲ ਜੁੜ ਰਹੇ ਹਨ ਪਰ ਸੂਬਾ ਸਰਕਾਰ ਲੋਕਾਂ ਦਾ ਹੱਕ ਰੋਕ ਕੇ ਲੋਕ ਵਿਰੋਧੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਕੈਂਪ ਲਾਉਣ ਤੋਂ ਰੋਕਣ ਨਾਲ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਤੋਂ ਡਰਦੀ ਹੈ, ਕਿਉਂਕਿ ਲੋਕਾਂ ਵਿੱਚ ਬੀਜੇਪੀ ਦਾ ਗ੍ਰਾਫ ਦਿਨੋਂ ਦਿਨ ਵਧ ਰਿਹਾ ਹੈ। ਮਨਜੀਤ ਨੇਗੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਰੁਕਾਵਟ ਬੀਜੇਪੀ ਨੂੰ ਲੋਕਾਂ ਤੱਕ ਕੇਂਦਰੀ ਸਕੀਮਾਂ ਪਹੁੰਚਾਉਣ ਤੋਂ ਨਹੀ ਰੋਕ ਸਕਦੀ। ਉਹਨਾਂ ਕਿਹਾ ਕਿ ਉਹ ਸਰਕਾਰ ਦੇ ਧੱਕੇ ਨਾਲ ਨਹੀਂ ਰੁਕਣਗੇ, ਉਹਨਾਂ ਦਾ ਮਿਸ਼ਨ ਗਰੀਬਾਂ ਅਤੇ ਲੋੜਵੰਦਾਂ ਤੱਕ ਮੋਦੀ ਦੀਆਂ ਯੋਜਨਾਵਾਂ ਪਹੁੰਚਾਉਣ ਦਾ ਹੈ ਅਤੇ ਇਹ ਕੰਮ ਹਰ ਹਾਲਤ ਵਿੱਚ ਪੂਰਾ ਕਰਾਂਗੇ। ਉਹਨਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਸੂਬੇ ਭਰ ਵਿੱਚ ਹੋਈ ਕਾਰਵਾਈ ਦੌਰਾਨ 1000 ਤੋਂ ਵੱਧ ਬੀਜਪੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਮਾਨਸਾ ਜਿਲ੍ਹੇ ਵਿੱਚ ਹੀ 200 ਤੋਂ ਵੱਧ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ।