ਈਰਾਨ ਦੇ ਧਾਰਮਿਕ ਆਗੂ ਖਾਮੇਨਾਈ ਦੀ ਪਰਿਵਾਰ ਸਮੇਤ ਮੌਤ ’ਤੇ ਦੁੱਖ ਪ੍ਰਗਟ

ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਮਰੀਕੀ ਸਾਮਰਾਜ ਅਤੇ ਉਸਦੇ ਪਾਲਤੂ ਇਜ਼ਰਾਈਲੀ ਜੰਗਬਾਜਾਂ ਵੱਲੋਂ ਈਰਾਨ ਨਾਲ ਸਮਝੌਤੇ ਸਬੰਧੀ ਗੱਲਬਾਤ ਦੀ ਆੜ ਵਿੱਚ ਧੋਖੇ ਨਾਲ ਹਮਲਾ ਕਰਕੇ ਉੱਥੋਂ ਦੇ ਬਜ਼ੁਰਗ ਧਾਰਮਿਕ ਅਤੇ ਰਾਜਨੀਤਿਕ ਆਗੂ ਸੱਯਦ ਅਲੀ ਖਾਮੇਨਾਈ, ਉਸਦੇ ਪਰਿਵਾਰਕ ਮੈਂਬਰਾਂ ਅਤੇ ਚਾਰ ਦਰਜਨ ਦੇ ਕਰੀਬ ਸਿਖਰਲੇ ਫੌਜੀ ਅਧਿਕਾਰੀਆਂ ਨੂੰ ਕਤਲ ਕਰ ਦੇਣ ਨਾਲ ਸੰਸਾਰ ਦੀ ਰਾਜਨੀਤੀ ਵਿੱਚ ਹਨੇਰਗਰਦੀ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋ ਗਈ ਹੈ ਜਿੱਥੇ ਅੰਤਰਰਾਸ਼ਟਰੀ ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਜਾਬਰਾਂ ਵੱਲੋਂ ਬੰਬਾਂ ਨਾਲ ਮਲੀਆਮੇਟ ਕਰ ਦਿੱਤਾ ਗਿਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੇ ਸਕਤੱਰ ਅਸ਼ੋਕ ਕੌਸ਼ਲ, ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਮੀਤ ਸਕੱਤਰ ਪ੍ਰੇਮ ਚਾਵਲਾ, ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਕੁਲਵੰਤ ਸਿੰਘ ਚਾਨੀ, ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਸੋਮਨਾਥ ਅਰੋੜਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਜਗਤਾਰ ਸਿੰਘ ਭਾਣਾ, ਮੁਖਤਿਆਰ ਸਿੰਘ ਭਾਣਾ, ਬੋਹੜ ਸਿੰਘ ਔਲਖ, ਰੇਸ਼ਮ ਸਿੰਘ ਅਤੇ ਇਕਬਾਲ ਸਿੰਘ ਰਣ ਸਿੰਘ ਵਾਲਾ, ਨਰੇਗਾ ਮਜ਼ਦੂਰਾਂ ਦੇ ਆਗੂ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਕਿਹਾ ਕਿ ਹਰ ਦੇਸ਼ ਨੂੰ ਆਪਣੀ ਅਜ਼ਾਦੀ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਹੱਕ ਹੈ ਅਤੇ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਨਹੀਂ ਕਿ ਉੱਥੇ ਕਿਸ ਤਰਾਂ ਦੀ ਸਰਕਾਰ ਹੋਵੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਿਛਲੇ ਸਾਲ ਜੂਨ ਦੇ ਮਹੀਨੇ ਵਿੱਚ ਵੀ ਈਰਾਨ ਉੱਪਰ ਹਮਲਾ ਕੀਤਾ, ਫਿਰ ਵੈਨਜੁਏਲਾ ਦੇ ਚੁਣੇ ਹੋਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕਰਕੇ ਕੈਦ ਕਰ ਲਿਆ ਅਤੇ ਹੁਣ ਫਿਰ ਝੂਠੇ ਬਹਾਨੇ ਬਣਾ ਕੇ ਸਾਰੇ ਖਾੜੀ ਦੇਸ਼ਾਂ ਨੂੰ ਜੰਗ ਦੀ ਭੱਠੀ ਵਿੱਚ ਝੋਂਕ ਦਿੱਤਾ ਹੈ। ਭਾਰਤ ਸਮੇਤ ਸੰਸਾਰ ਦੇ ਦਰਜਨਾਂ ਦੇਸ਼ਾਂ ਨਾਲ ਟੈਰਿਫ ਅਤੇ ਆਰਥਿਕ ਪਾਬੰਦੀਆਂ ਦੇ ਨਾਂਅ ’ਤੇ ਧੌਂਸਬਾਜੀ ਅਤੇ ਬਲੈਕਮੇਲਿੰਗ ਅਮਰੀਕਾ ਦੀ ਵਿਦੇਸ਼ ਨੀਤੀ ਦਾ ਪੱਕਾ ਅੰਗ ਬਣ ਚੁੱਕੀ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਅਜ਼ਾਦੀ ਦੇ ਸਮੇਂ ਤੋਂ ਹੀ ਭਾਰਤ ਸਾਮਰਾਜ ਵਿਰੋਧੀ ਗੁੱਟ ਨਿਰਪੱਖ ਵਿਦੇਸ਼ ਨੀਤੀ ਤੇ ਚੱਲਦਾ ਆਇਆ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਇਜ਼ਰਾਈਲੀ ਜੰਗਬਾਜ ਨੇਤਨਯਾਹੂ ਤੋਂ ਆਪਣੇ ਗਲ ਵਿੱਚ ਮੈਡਲ ਪੁਆ ਰਹੇ ਹਨ ਜਿਸ ਦੇ ਹੱਥ 72,000 ਤੋਂ ਵੱਧ ਫ਼ਲਸਤੀਨੀ ਨਾਗਰਿਕਾਂ ਦੇ ਖੂਨ ਨਾਲ ਰੰਗੇ ਹੋਏ ਹਨ। ਸੀ ਪੀ ਆਈ ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰਤ ਈਰਾਨ ਉੱਪਰ ਹਮਲੇ ਦੀ ਨਿੰਦਾ ਕਰੇ ਅਤੇ ਇਹ ਜੰਗ ਰੁਕਵਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰੇ ਵਰਨਾ ਆਉਣ ਵਾਲੇ ਸਮੇਂ ਵਿੱਚ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਨਾਲ ਮਹਿੰਗਾਈ ਵਿੱਚ ਚੌਤਰਫਾ ਵਾਧਾ ਹੋਵੇਗਾ ਜਿਸ ਦਾ ਭਾਰਤ ਸਮੇਤ ਸਾਰੇ ਸੰਸਾਰ ਦੀ ਆਰਥਿਕਤਾ ਤੇ ਮਾੜਾ ਅਸਰ ਪਵੇਗਾ।

