ਸੀ ਪੀ ਆਈ ਵੱਲੋਂ 24 ਅਗਸਤ ਨੂੰ ਕੋਟਕਪੂਰਾ ਅਤੇ ਫਰੀਦਕੋਟ ਵਿੱਚ ਜਲਸੇ ਕੀਤੇ ਜਾਣਗੇ-ਅਸ਼ੋਕ ਕੌਸ਼ਲ
ਫਰੀਦਕੋਟ,13 ਅਗਸਤ (ਵਰਲਡ ਪੰਜਾਬੀ ਟਾਈਮਜ਼)
‘ਜਦੋਂ ਦਾ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਉਹ ਵਖ-ਵਖ ਮੁੱਦਿਆਂ ਤੇ ਲਗਾਤਾਰ ਭਾਰਤ ਨੂੰ ਧਮਕਾਉਣ ਅਤੇ ਜਲੀਲ ਕਰਨ ਵਾਲੀਆਂ ਕਰਵਾਈਆਂ ਕਰ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਉਸਨੂੰ ਆਪਣਾ ਪਰਮ ਮਿੱਤਰ ਕਹਿਣ ਵਾਲੇ ਮੋਦੀ ਹੁਣ ਭਿਜੀ ਬਿੱਲੀ ਵਾਂਗ ਚੁੱਪ ਹਨ’। ਇਹ ਸ਼ਬਦ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਸੀ ਪੀ ਆਈ ਦੀ ਜਿਲਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਹੇ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਬੋਲਦੇ ਹੋਏ ਕਾਮਰੇਡ ਅਰਸ਼ੀ ਨੇ ਕਿਹਾ ਕਿ ਟਰੰਪ ਨੇ ਆਉਣ ਸਾਰ ’ਗੈਰਕਾਨੂੰਨੀ ਪ੍ਰਵਾਸੀ’ ਕਹਿ ਕੇ ਸਾਡੇ ਨੌਜਵਾਨਾਂ ਨੂੰ ਬੇੜੀਆਂ ਵਿੱਚ ਜਕੜ ਕੇ ਅੰਮ੍ਰਿਤਸਰ ਭੇਜਿਆ ਪਰ ਮੋਦੀ ਜੀ ਕੁੱਝ ਨਾ ਬੋਲੇ। ਫਿਰ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਉਣ ਦੇ ਕਈ ਵਾਰ ਬਿਆਨ ਦਿੱਤੇ ਪਰ ਮੋਦੀ ਜੀ ਨੇ ਇਕ ਵਾਰ ਵੀ ਟਰੰਪ ਦਾ ਦਾਅਵਾ ਝੁਠਲਾਇਆ ਨਹੀਂ। ਹੁਣ ਰੂਸ ਤੋਂ ਸਸਤਾ ਤੇਲ ਖਰੀਦਣ ਤੋਂ ਚਿੜ੍ਹ ਕੇ ਟਰੰਪ ਨੇ ਭਾਰਤੀ ਵਸਤੂਆਂ ’ਤੇ 50 ਫ਼ੀਸਦੀ ਟੈਰਿਫ ਠੋਕ ਦਿੱਤਾ ਹੈ ਜਦਕਿ ਆਪਣੇ ਖੇਤੀ ਅਤੇ ਡੈਅਰੀ ਉਤਪਾਦ ਬਿਨਾ ਰੋਕ-ਟੋਕ ਦੇ ਭਾਰਤੀ ਬਜ਼ਾਰਾਂ ਵਿੱਚ ਵੇਚ ਕੇ ਸਾਡੇ ਛੋਟੇ ਕਿਸਾਨਾਂ ਨੂੰ ਉਜਾੜਨਾ ਚਾਹੁੰਦਾ ਹੈ ਪਰ ਮੋਦੀ ਜੀ ਹਾਲੇ ਵੀ ਡਟਵਾਂ ਸਟੈਂਡ ਲੈਣ ਦੀ ਬਜਾਏ ਖਾਮੋਸ਼ ਹਨ। ਕਾਮਰੇਡ ਅਰਸ਼ੀ ਨੇ ਕਿਹਾ ਕਿ ਇਹ ਸ਼ੰਕਾ ਬਣਿਆ ਹੋਇਆ ਹੈ ਕਿ ਕਮਜ਼ੋਰ ਵਿਦੇਸ਼ ਨੀਤੀ ਦੇ ਚੱਲਦੇ ਕੇਂਦਰ ਦੀ ਭਾਜਪਾ ਸਰਕਾਰ ਸਾਮਰਾਜੀ ਮੁਲਕਾਂ ਅਗੇ ਭਾਰਤ ਦੇ ਹਿੱਤ ਗਹਿਣੇ ਪਾ ਦੇਵੇਗੀ। ਉਨਾ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਅਗਲੇ ਮਹੀਨੇ ਚੰਡੀਗੜ੍ਹ ਵਿੱਚ ਹੋਣ ਜਾ ਰਹੇ ਆਲ ਇੰਡੀਆ ਮਹਾਸੰਮੇਲਨ ਵਿੱਚ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ-ਖਸੁੱਟ ਖਿਲਾਫ਼ ਸਾਰੀਆਂ ਖੱਬੀਆਂ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਮੀਟਿੰਗ ਨੂੰ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ 21 ਅਗਸਤ ਨੂੰ ਹੁਸੈਨੀਵਾਲਾ ਤੋਂ ਚੱਲਣ ਵਾਲਾ ਚੇਤਨਾ ਮਾਰਚ ਜੱਥਾ ਵਖ-ਵਖ ਜ਼ਿਲਿਆਂ ਵਿੱਚ ਹੁੰਦਾ ਹੋਇਆ 24 ਅਗਸਤ ਨੂੰ ਫਰੀਦਕੋਟ ਜਿਲੇ ਵਿੱਚ ਪ੍ਰਵੇਸ਼ ਕਰੇਗਾ ਜਿਸ ਨੂੰ ਲੈ ਕੇ ਪਹਿਲਾ ਜਲਸਾ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਦੁਪਹਿਰ ਤੋਂ ਪਹਿਲਾਂ ਕੀਤਾ ਜਾਵੇਗਾ। 24 ਅਗਸਤ ਨੂੰ ਹੀ ਦੁਪਹਿਰ ਬਾਅਦ 2:00 ਵਜੇ ਦੂਜਾ ਜਲਸਾ ਫਰੀਦਕੋਟ ਦੇ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਕੀਤਾ ਜਾਵੇਗਾ। ਇਹਨਾਂ ਜਲਸਿਆਂ ਨੂੰ ਕਾਮਰੇਡ ਅਰਸ਼ੀ ਤੋਂ ਇਲਾਵਾ ਕਾਮਰੇਡ ਜਗਰੂਪ, ਮੈਂਬਰ ਕੌਮੀ ਕੌਂਸਲ ਅਤੇ ਹੋਰ ਆਗੂ ਸੰਬੋਧਨ ਕਰਨਗੇ। ਮੀਟਿੰਗ ਨੂੰ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਮਾਸਟਰ ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਪ੍ਰਦੀਪ ਸਿੰਘ ਬਰਾੜ, ਨਰੇਗਾ ਆਗੂ ਵੀਰ ਸਿੰਘ ਕੰਮੇਆਣਾ, ਸੁਖਦਰਸ਼ਨ ਰਾਮ, ਸ਼ਾਮ ਸੁੰਦਰ, ਬੋਹੜ ਸਿੰਘ ਔਲਖ, ਚਰਨਜੀਤ ਸਿੰਘ ਚੰਮੇਲੀ ਅਤੇ ਪੰਜਾਬ ਇਸਤਰੀ ਸਭਾ ਦੇ ਆਗੂ ਸ਼ਸ਼ੀ ਸ਼ਰਮਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ 25ਵੀਂ ਪਾਰਟੀ ਕਾਂਗਰਸ ਦੀ ਸਫਲਤਾ ਲਈ ਕੀਤੇ ਜਾ ਰਹੇ ਜੱਥਾ ਮਾਰਚ ਅਤੇ 21 ਸਤੰਬਰ ਨੂੰ ਮੁਹਾਲੀ ਦੀ ਸਬਜ਼ੀ ਮੰਡੀ ਵਿੱਚ ਹੋਣ ਜਾ ਰਹੀ ਸੂਬਾਈ ਰੈਲੀ ਨੂੰ ਤਨ-ਮਨ-ਧਨ ਨਾਲ ਕਾਮਯਾਬ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ, ਜਗਤਾਰ ਸਿੰਘ ਰਾਜੋਵਾਲਾ, ਟਰੇਡ ਯੂਨੀਅਨ ਆਗੂ ਕੁਲਵੰਤ ਸਿੰਘ ਚਾਨੀ, ਸੋਮ ਨਾਥ ਅਰੋੜਾ ਅਤੇ ਬਲਕਾਰ ਸਿੰਘ ਸਹੋਤਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮਾਸਟਰ ਸੁਖਚੈਨ ਸਿੰਘ ਥਾਂਦੇਵਾਲਾ ਨੇ ਆਪਣੇ ਭਰ ਜਵਾਨ ਉਮਰੇ ਸਦੀਵੀ ਵਿਛੋੜਾ ਦੇ ਗਏ ਬੇਟੇ ਬਲਜੋਤ ਪਾਲ ਸਿੰਘ ਅਤੇ ਭਤੀਜੇ ਤਰਕਦੀਪ ਸਿੰਘ ਦੀ ਯਾਦ ਵਿੱਚ ਪਾਰਟੀ ਕਾਂਗਰਸ ਲਈ ਦਸ ਹਜਾਰ ਰੁਪਏ ਦਾ ਚੈੱਕ ਪਾਰਟੀ ਆਗੂਆਂ ਨੂੰ ਸੌਂਪਿਆ। ਕਾਮਰੇਡ ਅਰਸ਼ੀ ਅਤੇ ਅਸ਼ੋਕ ਕੌਸ਼ਲ ਨੇ ਪਾਰਟੀ ਦੇ ਮਹਾਸੰਮੇਲਨ ਲਈ ਮਦਦ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।