ਨਿਹਾਲ ਸਿੰਘ ਮਾਨ ਤੇ ਗੁਲਜ਼ਾਰ ਸਿੰਘ ਸ਼ੌਂਕੀ ਦਾ ਸਨਮਾਨ
ਜੋਗਿੰਦਰ ਕੌਰ ਅਗਨੀਹੋਤਰੀ ਦਾ ਨਾਵਲ ‘ਜੱਗਾ’ ਲੋਕ ਅਰਪਣ
ਸੰਗਰੂਰ 30 ਸਤੰਬਰ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
“ਗੁਰਬਾਣੀ ਦੇ ਸੁਨੇਹੇ ਨੂੰ ਸਮਝਣ ਲਈ ਵਿਆਕਰਣ ਦੀ ਬਹੁਤ ਮਹੱਤਤਾ ਹੈ। ਗੁਰਬਾਣੀ ਦੇ ਵਿਆਕਰਣ ਨੂੰ ਸਮਝੇ ਬਿਨਾਂ ਗੁਰਬਾਣੀ ਦੇ ਅਰਥਾਂ ਨੂੰ ਸਮਝਿਆਂ ਨਹੀਂ ਜਾ ਸਕਦਾ ਕਿਉਂਕਿ ਲਗਾਂ, ਮਾਤ੍ਰਾਂ ਬਦਲਣ ਨਾਲ ਅਰਥ ਬਦਲ ਜਾਂਦੇ ਹਨ, ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਮਹਾਨ ਹਨ। ” ਇਹ ਭਾਵ –ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਆਪਣੀਆਂ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ ਗੁਰਬਾਣੀ ਵਿਆਕਰਣ ਦੇ ਖੋਜੀ ਤੇ ਪੁਸਤਕ ‘ਗੁਰਬਾਣੀ ਲਿਪੀ ਗੁੱਝੇ ਭੇਦ ਦੇ ਕਰਤਾ ਸ. ਨਿਹਾਲ ਸਿੰਘ ਮਾਨ ਨਾਲ ਰਚਾਏ ਸੰਵਾਦ ਦੌਰਾਨ ਉੱਭਰ ਕੇ ਸਾਹਮਣੇ ਆਏ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਆਸ਼ੀਰਵਾਦ ਡਾ. ਤੇਜਵੰਤ ਮਾਨ, ਸਾਹਿਤ ਰਤਨ, ਮੁੱਖ ਮਹਿਮਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਸਨਮਾਨਤ ਅਤਿਥੀ ਪਵਨ ਹਰਚੰਦਪੁਰੀ, ਵਿਸ਼ੇਸ਼ ਮਹਿਮਾਨ ਪ੍ਰਿੰ. ਸੁਖਜੀਤ ਕੌਰ ਸੋਹੀ, ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ ਅਤੇ ਅਨੋਖ ਸਿੰਘ ਵਿਰਕ ਸ਼ਾਮਲ ਹੋਏ। ਨਿਹਾਲ ਸਿੰਘ ਮਾਨ ਨੇ ਗੁਰਬਾਣੀ ਵਿਆਕਰਣ ਦੀ ਮਹੱਤਤਾ, ਅਕਾਰਾਂਤ, ਇਕਾਰਾਂਤ ਅਤੇ ਉਕਾਰਾਂਤ ਬਾਰੇ ਸਪਸ਼ਟ ਕਰਦੇ ਹੋਏ ਗੁਰਬਾਣੀ ਅਧਿਐਨ ਲਈ ਸੰਗੀਤ ਅਤੇ ਛੰਦ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਗੁਰਮਤਿ ਵਿਚਾਰਧਾਰਾ ਨੂੰ ਸਮਝਣ ਲਈ ਅਨੇਕਾਂ ਨੁਕਤਿਆਂ ਨੂੰ ਸਾਂਝਾ ਕੀਤਾ। ਡਾ. ਸਵਰਾਜ ਸਿੰਘ ਕਿਹਾ ਕਿ, “ਵਿਆਕਰਣ ਦਾ ਜੋ ਵਿਕਾਸ ਪੰਜਾਬ ਵਿੱਚ ਹੋਇਆ ਹੈ ਉਹ ਸੰਸਾਰ ਦੇ ਕਿਸੇ ਖਿੱਤੇ ਵਿੱਚ ਨਹੀਂ ਹੋਇਆ, ਸੰਸਾਰ ਦੀ ਪਹਿਲੀ ਯੂਨੀਵਰਸਿਟੀ ਤਕਸ਼ਿਲਾ ਵਿੱਚ ਸਥਾਪਤ ਹੋਈ ਇਸ ਵਿੱਚ ਵਿਆਕਰਨ ਦੇ ਪ੍ਰੋਫੈਸਰ ਪਾਣਿਨੀ ਨੇ ਵਿਆਕਰਣ ਇਸ ਬੁਲੰਦੀ ਤੇ ਪਹੁੰਚਾਇਆ ਕਿ ਵਿਆਕਰਣ ਨੂੰ ਵੇਦਾਂਗ ਭਾਵ ਵੇਦਾਂ ਦਾ ਅੰਗ ਦਰਸਾਇਆ ਜਾਂਦਾ ਹੈ। ਸ. ਨਿਹਾਲ ਸਿੰਘ ਮਾਨ ਨੇ ਪੁਸਤਕ ਦੀ ਰਚਨਾ ਕਰਕੇ ਗੁਰਬਾਣੀ ਦੇ ਵਿਆਕਰਣ ਦੀ ਸਹੀ ਜਾਣਕਾਰੀ ਪ੍ਰਦਾਨ ਕਰਕੇ ਵੱਡਾ ਯੋਗਦਾਨ ਪਾਇਆ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਅੱਜ ਯੂਨੀਵਰਸਿਟੀਆਂ ਦੇ ਵਿਦਵਾਨ ਭਾਸ਼ਾ ਨੂੰ ਸਹੀ ਨਹੀਂ ਪੜ੍ਹਾ ਰਹੇ ਉਹ ਗੁਰਬਾਣੀ ਦੇ ਮਹੱਤਵ ਤੋਂ ਦੂਰ ਜਾ ਰਹੇ ਹਨ ਇਸ ਲਈ ਇਨ੍ਹਾਂ ਵਿਦਵਾਨਾਂ ਨੂੰ ਲੇਖਕ ਤੋਂ ਸੇਧ ਲੈਣੀ ਚਾਹੀਂਦੀ ਹੈ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ, “ ਅੱਜ ਪੰਜਾਬੀ ਉੱਪਰ ਹੋ ਰਹੇ ਹਮਲਿਆਂ ਬਾਰੇ ਸਟੇਟ ਦੀ ਦਿਸ਼ਾ ਨੂੰ ਸਮਝਣ ਦੀ ਲੋੜ ਹੈ। ਇਹ ਪੁਸਤਕ ਸਹੀ ਦਿਸ਼ਾ ਪ੍ਰਦਾਨ ਕਰ ਰਹੀ ਹੈ। ਵਿਚਾਰ ਚਰਚਾ ਵਿੱਚ ਪਵਨ ਹਰਚੰਦਪੁਰੀ, ਡਾ. ਰਾਕੇਸ਼ ਸ਼ਰਮਾ, ਜੋਗਿੰਦਰ ਕੌਰ ਅਗਨੀਹੋਤਰੀ, ਡਾ. ਭਗਵੰਤ ਸਿੰਘ, ਅਵਿਨਾਸ਼ ਸ਼ਰਮਾ, ਬਾਬਾ ਪਿਆਰਾ ਸਿੰਘ, ਅਨੋਖ ਸਿੰਘ ਵਿਰਕ, ਕੁਲਵੰਤ ਕਸਕ, ਪ੍ਰਿੰ. ਸੁਖਜੀਤ ਕੌਰ ਸੋਹੀ, ਸੁਰਿੰਦਰ ਸ਼ਰਮਾ ਨਾਗਰਾ, ਹਰਵਿੰਦਰ ਕੌਰ, ਗੁਰਨਾਮ ਸਿੰਘ, ਅਮਰ ਗਰਗ ਕਲਮਦਾਨ ਨੇ ਹਿੱਸਾ ਲਿਆ। ਏ.ਪੀ. ਸਿੰਘ, ਜਗੀਰ ਸਿੰਘ ਰਤਨ, ਨਾਹਰ ਸਿੰਘ ਮੁਬਾਰਕਪੁਰੀ, ਧਰਮੀ ਤੁੰਗਾਂ, ਸਰਬਜੀਤ ਸੰਗਰੂਰਵੀ, ਬਲਜਿੰਦਰ ਈਲਵਾਲ, ਅਮਰਜੀਤ ਅਮਨ, ਗੁਲਜ਼ਾਰ ਸਿੰਘ ਸ਼ੌਕੀ, ਭਰਮਾ ਨੰਦ ਲੌਂਗੋਵਾਲ, ਮੀਤ ਸਕਰੌਦੀ, ਅਮਰ ਗਰਗ ਕਲਮਦਾਨ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਪ੍ਰਿੰ. ਸੁਖਜੀਤ ਕੌਰ ਤੇ ਉਨ੍ਹਾਂ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ਲੰਮੀ ਹੇਕ ਦੇ ਗੀਤ ਨਾਲ ਰੰਗ ਬੰਨਿਆ। ਨਿਹਾਲ ਸਿੰਘ ਮਾਨ ਅਤੇ ਪੂਰੀ ਉਮਰ ਸਾਹਿਤ ਦੇ ਲੇਖੇ ਲਾਉਣ ਵਾਲੇ ਗੁਲਜ਼ਾਰ ਸਿੰਘ ਸ਼ੌਂਕੀ ਦਾ ਸਨਮਾਨ ਅਤੇ ਜੋਗਿੰਦਰ ਕੌਰ ਅਗਨੀਹੋਤਰੀ ਦਾ ਬਾਲ ਨਾਵਲ ‘ਜੱਗਾ’ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਪੰਮੀ ਫੱਗੂਵਾਲੀਆਂ, ਬਾਬਾ ਬੀਰ ਸਿੰਘ, ਵਿਜੈ ਕੁਮਾਰ, ਸ਼ੰਕਰ ਦਾਸ, ਦਲੀਪ ਸਿੰਘ, ਅਮਨਦੀਪ ਕੌਰ, ਗੁਰਚਰਨ ਸਿੰਘ ਢੀਂਡਸਾ, ਚਰਨਜੀਤ ਸਿੰਘ ਸੋਹੀ ਆਦਿ ਅਨੇਕਾਂ ਸਾਹਿਤਕਾਰ ਸ਼ਾਮਲ ਹੋਏ। ਅਧਿਆਤਮ, ਭਾਸ਼ਾ, ਲਿਪੀ ਅਤੇ ਵਿਆਕਰਣ ਬਾਰੇ ਜਿੰਨ੍ਹੀ ਗੰਭੀਰ ਚਰਚਾ ਇਸ ਸਮਾਗਮ ਵਿੱਚ ਹੋਈ। ਉਹ ਆਪਣੀ ਵਿਲੱਖਣਤਾ ਕਰਕੇ ਹਮੇਸ਼ਾ ਯਾਦ ਰਹੇਗੀ। ਮੰਚ ਸੰਚਾਲਨ ਗੁਰਨਾਮ ਸਿੰਘ ਨੇ ਕੀਤੀ ਅਤੇ ਅਨੋਖ ਸਿੰਘ ਵਿਰਕ ਨੇ ਸਨਮਾਨ ਪੱਤਰ ਪੜ੍ਹਿਆ।