ਫਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮਾਣਯੋਗ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਵਿਭਾਗ ਦੁਆਰਾ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਕੜੀ ਵਿੱਚ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਵਿੱਚ ਰੁਚੀ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਸਿਰਜਣਾਤਮਕ ਅਤੇ ਸੁਹਜਾਤਮਕ ਬਿਰਤੀਆਂ ਪ੍ਰਫੁਲਿਤ ਕਰਨ ਹਿਤ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਜ਼ਿਲ੍ਹਿਆ ਵਿੱਚੋਂ ਜੇਤੂ ਵਿਦਿਆਰਥੀਆਂ ਦੇ ਮੁਕਾਬਲੇ ਰਾਜ ਪੱਧਰ ਉੱਤੇ ਕਰਵਾਏ ਜਾਂਦੇ ਹਨ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀ.ਸੈਕੰ. ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਵਿੱਚ ਸਕੂਲ ਪ੍ਰਸ਼ਾਸਨ ਦੁਆਰਾ ਸੁਹਿਰਦ ਭੂਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਲਈ ਤਿੰਨ ਵਰਗ ਨਿਰਧਾਰਿਤ ਕੀਤੇ ਗਏ ਹਨ। ਵਰਗ ਓ ਵਿੱਚ ਅੱਠਵੀਂ ਤੱਕ, ਵਰਗ ਅ ਵਿੱਚ ਨੌਵੀਂ ਤੋਂ ਬਾਰ੍ਹਵੀਂ ਅਤੇ ਵਰਗ ਈ ਵਿੱਚ ਗਰੇਜੁਏਸ਼ਨ ਤੱਕ ਦੇ ਵਿਦਿਆਰਥੀ ਭਾਗ ਲੈਂਦੇ ਹਨ।
ਫ਼ਰੀਦਕੋਟ ਜ਼ਿਲ੍ਹੇ ਦੇ ਮੁਕਾਬਲਿਆਂ ਵਿੱਚ ਓ ਵਰਗ ਵਿੱਚ ਮਾਧਵ ਗਰਗ (ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ), ਹਰਪ੍ਰੀਤ ਕੌਰ (ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ), ਪਰਾਂਜਲ (ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ), ਅ-ਵਰਗ ਵਿੱਚ ਸੁਖਮਨ ਬਰਾੜ (ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ)., ਗੁਰਪ੍ਰੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ), ਰਵਨੀਤ ਕੌਰ (ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ), ਈ ਵਰਗ ਮਨਿੰਦਰਪਾਲ ਸ਼ਰਮਾ (ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ), ਗੀਤਿਕਾ ਗੁਪਤਾ (ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ) ਗੁਰਸਿਮਰਨਜੀਤ ਸਿੰਘ (ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ) ਵਿੱਚ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਤਿੰਨੇ ਵਰਗਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਵੰਬਰ ਵਿੱਚ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵਜੋਂ ਨਕਦ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਨਾਮ ਪ੍ਰਦਾਨ ਕਰਨ ਵੇਲੇ ਸਕੂਲ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਵੀ ਹਾਜ਼ਰ ਸਨ।
ਇਸ ਮੌਕੇ ਮਨਜੀਤ ਪੁਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਮੁਕਾਬਲੇ ਜਿੱਥੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਵਿਦਿਆਰਥੀਆਂ ਦੀ ਸਾਂਝ ਪੈਦਾ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਦਾ ਸੰਚਾਰ ਵੀ ਕਰਦੇ ਹਨ। ਇਸ ਮੌਕੇ ਕੰਵਰਜੀਤ ਸਿੰਘ ਸਿੱਧੂ, ਖੋਜ ਅਫਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ, ਪ੍ਰੋ. ਬੀਰਇੰਦਰ ਸਿੰਘ, ਬਲਜੀਤ ਸਿੰਘ ਬਿੰਦਰਾ, ਸੰਦੀਪ ਕੌਰ ਸੇਵਾਦਾਰ, ਰਣਜੋਧ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।