ਫ਼ਰੀਦਕੋਟ , 21 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2024 ਦੇ ਸਮਾਗਮਾਂ ਦੀ ਲੜੀ ਤਹਿਤ ਜ਼ਿਲਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ 22 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4:30 ਵਜੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਫ਼ਰੀਦਕੋਟ ਵਿਖੇ ‘ਸੰਗੀਤਕ ਸ਼ਾਮ’ ਨਾਮੀਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਹੋਣਗੇ। ਸਮਾਗਮ ’ਚ ਵਿਸ਼ੇਸ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਸ਼ਾਮਲ ਹੋਣਗੇ। ਇਸ ਪ੍ਰੋਗਰਾਮ’ਚ ਮੁੱਖ ਸੁਰ ਭਾਸ਼ਣ ਕਵੀ, ਅਨੁਵਾਦਕ ਤੇ ਚਿੰਤਕ ਸੁਖਜਿੰਦਰ ਹੋਰਾਂ ਦਾ ਹੋਵੇਗਾ। ਸਾਹਿਤਕ ਗਾਇਕੀ ਦੇ ਰੰਗ ਡਾ. ਰਾਜੇਸ਼ ਮੋਹਨ ਅਤੇ ਸੁਰਆਂਗਣ ਦੇ ਕਲਾਕਾਰਾਂ ਵੱਲੋਂ ਵਿਖੇਰੇ ਜਾਣਗੇ। ਸਮਾਗਮ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਪ੍ਰੋਫ਼ੈਸਰ ਆਫ਼ ਪ੍ਰੈਕਟਿਸ ਕੇਂਦਰੀ ਯੂਨੀਵਰਸਿਟੀ ਬਠਿੰਡਾ ਨਿੰਦਰ ਘੁਗਿਆਣਵੀ, ਪੰਜਾਬ ਦੇ ਨਾਮਵਰ ਸ਼ਾਇਰ ਗੁਰਤੇਜ ਕੋਹਰਾਰਵਾਲਾ ਅਤੇ ਵਿਜੇ ਵਿਵੇਕ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਪ੍ਰਤੀਕ ਸਿੰਘ ਦੀ ਪੁਸਤਕ ‘ਬੁਣਤੀ’ ਨੂੰ ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ ਪੁਸਤਕ ਪ੍ਰਦਰਸ਼ਨੀ, ਭਾਸ਼ਾ ਵਿਭਾਗ ਪੰਜਾਬ ਵੱਲੋਂ ਲਗਾਈ ਜਾਵੇਗੀ। ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਸਮੁੂਹ ਸਾਹਿਤਕਾਰਾਂ, ਕਲਾਕਾਰਾਂ, ਸਾਹਿਤ ਅਤੇ ਕਲਾ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਸਨਿੱਮਰ ਅਪੀਲ ਕੀਤੀ ਹੈ। ਇਸ ਮੌਕੇ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਰਣਜੀਤ ਸਿੰਘ ਹਾਜ਼ਰ ਸੀ।

