
ਸਮਰਾਲਾ 7 ਅਪ੍ਰੈਲ ( ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ)
ਬੀਤੀ ਦੇਰ ਰਾਤ ਕੋਈ ਇੱਕ ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਕੋਲ ਬਣੇ ਫਲਾਈਓਵਰ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਲੁਧਿਆਣਾ ਈਸਟ ਦੇ ਏ. ਸੀ. ਪੀ. ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਡਰਾਈਵਰ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਏ. ਸੀ. ਪੀ. ਸੰਦੀਪ ਸਿੰਘ ਅਤੇ ਪਰਮਜੋਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਫਾਰਚੂਨਰ ਗੱਡੀ ਦੇ ਵਿਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏ.ਸੀ.ਪੀ. ਸੰਦੀਪ ਸਿੰਘ ਆਪਣੇ ਗੰਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ‘ਤੇ ਇਕ ਓਵਰਟੇਕ ਕਰ ਰਹੀ ਸਕਾਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤਿੰਨਾਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਏ. ਸੀ. ਪੀ. ਸੰਦੀਪ ਸਿੰਘ ਅਤੇ ਪਰਮਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਡਰਾਈਵਰ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਟੱਕਰ ਇੰਨੀ ਭਿਆਨਕ ਸੀ ਕਿ ਫਰਚੂਨਰ ਗੱਡੀ ਨੂੰ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਖ਼ਬਰ ਦੀ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਦੇ ਵਿਚ ਪੁੱਜ ਗਈ।