ਪੰਜਾਬ ਸਰਕਾਰ ਤੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਮੰਗ
ਸੰਗਰੂਰ 25 ਅਗਸਤ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਅਸੀਂ ਵਿਗਿਆਨ ਦੇ ਯੁੱਗ ਵਿੱਚ ਜੀਅ ਰਹੇ ਹਾਂ ਪਰ ਸਾਡੇ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਬਣਿਆ। ਬਹੁਤ ਸਾਰੇ ਲੋਕ ਅਜੇ ਵੀ ਭੂਤਾਂ ਪ੍ਰੇਤਾਂ ਦੀ ਹੋਂਦ ਮੰਨਦੇ ਹਾਂ, ਉਨ੍ਹਾਂ ਵਿੱਚ ਵਿਸ਼ਵਾਸ ਰੱਖਦੇ ਹਾਂ।ਅੰਧਵਿਸ਼ਵਾਸੀ ਲੋਕ, ਪਰਿਵਾਰਕ ਮੈਂਬਰ ਦੇ ਬੀਮਾਰ ਹੋਣ ਤੇ ਉਸ ਉਤੇ ਓਪਰੀ ਸ਼ੈਅ ਦਾ ਅਸਰ ਸਮਝਦੇ ਹਨ ਤੇ ਅਖੌਤੀ ਸਿਆਣਿਆਂ ਤੋਂ ਇਲਾਜ ਕਰਵਾਉਂਦੇ ਹਨ, ਅਖੌਤੀ ਸਿਆਣੇ ਤਾਂਤਰਿਕ ਭੂਤ- ਪ੍ਰੇਤ, ਸ਼ੈਤਾਨ ਨੂੰ ਭਜਾਉਣ ਦਾ ਢਕਵੰਜ ਕਰਦੇ ਕਰਦੇ ਬੀਮਾਰ ਦੀ ਜਾਨ ਲੈ ਲੈਂਦੇ ਹਨ।ਅਜਿਹਾ ਹੀ ਵਾਪਰਿਆ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਸਿੰਘਪੁਰ ਪਿੰਡ ਦੇ 30 ਸਾਲਾ ਨੌਜਵਾਨ ਸੈਮੂਅਲ ਮਸੀਹ ਨਾਲ। ਸੈਮੂਅਲ ਮਸੀਹ ਬੀਮਾਰ ਸੀ ਤੇ ਅਖੌਤੀ ਸਿਆਣੇ ਜੈਕਬ ਮਸੀਹ ਤੇ ਉਸਦੇ ਸਾਥੀਆਂ ਨੇ ਉਸ ਵਿੱਚੋਂ ਭੂਤ- ਪ੍ਰੇਤ, ਸ਼ੈਤਾਨ ਕੱਢਣ /ਭਜਾਉਣ ਦਾ ਢਕਵੰਜ ਕਰਦਿਆਂ ਉਸਦੀ ਜਾਨ ਲੈ ਲਈ। ਅਖੌਤੀ ਸਿਆਣਿਆਂ ਨੇ ਕਿਹਾ ਕਿ ਇਸ ਅੰਦਰ ਸ਼ੈਤਾਨ ਹੈ ਤੇ ਇਸ ਨੂੰ ਕੁੱਟ ਕੇ ਭਜਾਇਆ ਜਾ ਰਿਹਾ ਹੈ,ਸੱਟ ਸੈਮੂਅਲ ਦੇ ਨਾ ਲਗ ਕੇ ਸ਼ੈਤਾਨ ਦੇ ਲਗ ਰਹੀ ਹੈ, ਅਖੌਤੀ ਸਿਆਣਿਆਂ ਜੈਕਬ ਮਸੀਹ ਤੇ ਸਾਥੀਆਂ ਨੇ ਸੈਮੂਅਲ ਦੀ ਲੱਤਾਂ ਬਾਹਾਂ ਬੰਨ੍ਹ ਕੇ ਉਸ ਨੂੰ ਪਸ਼ੂਆਂ ਦੀ ਤਰ੍ਹਾਂ ਕੁੱਟਿਆ ।ਆਖਰ ਉਸਦੀ ਜਾਨ ਲੈ ਕੇ ਚਲੇ ਗਏ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ ਬਾਲਦ ਕਲਾਂ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ੍ਹ ਤੇ ਕ੍ਰਿਸ਼ਨ ਸਿੰਘ ਨੇ ਇਕਾਈ ਦੀ ਮੀਟਿੰਗ ਕਰਨ ਬਾਅਦ ਉਪਰੋਕਤ ਰਿਪੋਰਟ ਕਰਦਿਆਂ ਜਿਥੇ ਅਖੌਤੀ ਸਿਆਣਿਆਂ ਜੱਕੀ ਤੇ ਉਸਦੇ ਸਾਥੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ਉਥੇ ਲੋਕਾਂ ਨੂੰ ਵੀ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਵਿਗਿਆਨ ਇਹ ਸਿੱਧ ਕਰ ਚੁੱਕਿਆ ਹੈ ਸਾਰੇ ਬ੍ਰਹਿਮੰਡ ਵਿੱਚ ਭੂਤ, ਪ੍ਰੇਤ ਆਦਿ ਦੀ ਕੋਈ ਹੋਂਦ ਨਹੀਂ ਇਹ ਸਭ ਮਨੋਕਲਪਿਤ ਚੀਜ਼ਾ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ ਤਾਂ ਜੋ ਲੋਕ ਅੰਧਵਿਸ਼ਵਾਸਾਂ ਵਹਿਮਾਂ ਭਰਮਾਂ, ਰੂੜੀਵਾਦੀ ਵਿਚਾਰਾਂ ਵਿੱਚੋਂ ਨਿਕਲ ਕੇ ਆਰਥਿਕ, ਸ਼ਰੀਰਕ,ਮਾਨਸਿਕ ਲੁੱਟ ਤੋਂ ਬਚਾਅ ਕਰਦਿਆਂ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆ ਸਕਣ।