ਅੰਮ੍ਰਿਤਸਰ-9 ਅਕਤੂਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਜਿੱਥੇ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਇੱਕ ਸੁਹਿਰਦ ਆਗੂ ਦੀ ਲੋੜ ਹੁੰਦੀ ਹੈ। ਉੱਥੇ ਹੀ ਉਸ ਸੰਸਥਾ ਦੇ ਵਰਕਰਾਂ ਦਾ ਜਾਂ ਸੰਸਥਾ ਦੇ ਸਟਾਫ ਦਾ ਸੁਹਿਰਦ ਹੋਣਾ ਵੀ ਲਾਜ਼ਮੀ ਹੁੰਦਾ ਹੈ ਕਿਉਂਕਿ ਵਰਕਰ ਜਾਂ ਸਟਾਫ ਹੀ ਮੁੱਖ ਆਗੂ ਦੇ ਸਲਾਹਕਾਰ ਹੁੰਦੇ ਹਨ। ਕਹਿੰਦੇ ਕਿ ਮਾੜੀ ਸੰਗਤ ਅਤੇ ਮਾੜੀ ਸਲਾਹ ਵੀ ਕਈ ਵਾਰ ਆਦਮੀ ਨੂੰ ਲੈ ਕੇ ਬਹਿ ਜਾਂਦੀ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਨਸ਼ਟ ਹੁੰਦੀਆਂ ਦੇਖੀਆਂ ਹਨ ਇਸ ਚੱਕਰ ਵਿੱਚ। ਸਭ ਦੀ ਇੱਕ ਸੋਚ, ਇੱਕ ਨਿਸ਼ਾਨਾ, ਇੱਕ ਜਜ਼ਬਾ ਹੋਣਾ ਹੀ ਕਿਸੇ ਵੀ ਮੂਵਮੈਂਟ ਨੂੰ ਕਾਮਯਾਬ ਬਣਾਉਂਦਾ ਹੈ। ਸਿਧਾਂਤਾਂ ਦੇ ਪੱਕੇ ਹੋਣਾ ਸਭ ਤੋਂ ਵੱਡਾ ਅੰਗ ਹੁੰਦਾ ਹੈ ਚਾਹੇ ਉਹ ਇਨਸਾਨ ਦੀ ਖੁਦ ਦੀ ਸ਼ਖਸੀਅਤ ਹੋਵੇ ਜਾਂ ਫਿਰ ਕੋਈ ਸੰਸਥਾ ਹੋਵੇ। ਮੁੱਖ ਆਗੂ ਹੀ ਹਮੇਸ਼ਾਂ ਸਭ ਦੀਆਂ ਨਜ਼ਰਾਂ ਵਿੱਚ ਹੁੰਦਾ ਹੈ ਪਰ ਉਸਦਾ ਕਾਮਯਾਬ ਹੋਣਾ ਜਾਂ ਨਾਕਾਮਯਾਬ ਹੋਣ ਪਿੱਛੇ ਉਸਦੀ ਟੀਮ, ਉਸਦੇ ਸਟਾਫ ਅਤੇ ਉਸਦੇ ਸਲਾਹਕਾਰਾਂ ਦਾ ਬਹੁਤ ਵੱਡਾ ਯੋਗਦਦਾਨ ਹੁੰਦਾ ਹੈ। ਮੁੱਖ ਆਗੂ ਵਿੱਚ ਖੁਦ ਇੰਨੀ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਉਦੇਸ਼ ਨੂੰ ਲੈ ਕੇ ਬਿਲਕੁਲ ਸਪੱਸ਼ਟ ਹੋਵੇ ਅਤੇ ਜਦੋਂ ਉਹ ਆਪਣੇ ਵਰਕਰਾਂ, ਸਟਾਫ ਜਾਂ ਕਹਿ ਲਓ ਸਲਾਹਕਾਰਾਂ ਤੋਂ ਸਲਾਹ ਲੈ ਰਿਹਾ ਹੋਵੇ ਜਾਂ ਕਿਸੇ ਵਿਸ਼ੇ ਤੇ ਚਰਚਾ ਕਰ ਰਿਹਾ ਹੋਵੇ ਤਾਂ ਉਸ ਵਿੱਚ ਕਾਬਲੀਯਤ ਹੋਵੇ ਕਿ ਕਿਸੇ ਵੀ ਤਰ੍ਹਾਂ ਸੰਸਥਾ ਦੇ ਸਿਧਾਂਤਾਂ ਨਾਲ ਸਮਝੌਤਾ ਨਾ ਕੀਤਾ ਜਾਵੇ। ਮੈਂ ਬਹੁਤ ਵੱਡੇ-ਵੱਡੇ ਆਗੂ ਸਿਰਫ ਇਸ ਲਈ ਨਸ਼ਟ ਹੁੰਦੇ ਦੇਖੇ ਹਨ ਕਿਉਂਕਿ ਉਹ ਆਪਣੇ ਸਟਾਫ ‘ਤੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਹਨ। ਸਟਾਫ ਜਾਂ ਵਰਕਰ ਆਪਣੀਆਂ ਮਨ ਮਰਜੀਆਂ ਕਰਦੇ ਹਨ ਅਤੇ ਆਪਣੇ ਆਗੂ ਦੀ ਬੱਲੇ-ਬੱਲੇ ਕਰਕੇ ਆਪਣੇ ਆਗੂ ਨੂੰ ਇਸ ਤਰਾਂ ਮਹਿਸੂਸ ਕਰਵਾਉਂਦੇ ਹਨ ਕਿ ਹੁਣ ਆਗੂ ਨੂੰ ਹਰ ਕਿਸੇ ਨਾਲ ਗੱਲ ਕਰਣ ਦੀ ਲੋੜ ਨਹੀਂ। ਆਪਣੇ ਆਗੂ ਨੂੰ ਇੰਨਾ ਭਰੋਸਾ ਦਿੰਦੇ ਹਨ ਕਿ ਤੁਸੀਂ ਹੁਣ ਉਸ ਸਟੇਟਸ ਤੇ ਪਹੁੰਚ ਗਏ ਹੋ ਕਿ ਤੁਹਾਨੂੰ ਹੁੁਣ ਸਭ ਵਿੱਚ ਵਿਚਰਨ ਦੀ ਲੋੜ ਨਹੀਂ। ਅਸੀਂ ਸਭ ਸਾਂਭ ਲਵਾਂਗੇ। ਬੱਸ ਉੱਥੇ ਹੀ ਕਿਸੇ ਵੀ ਸੰਸਥਾ ਜਾਂ ਆਗੂ ਦੇ ਅੰਤ ਦਾ ਆਗਾਜ਼ ਹੁੰਦਾ ਹੈ। ਆਗੂ ਇਸ ਨਜ਼ਾਰੇ ਵਿੱਚ ਗਲਤਾਨ ਹੁੰਦਾ ਹੈ ਕਿ ਮੈਂ ਜੋ ਸਟੇਟਸ ਚਾਹੁੰਦਾ ਸੀ ਉਹ ਮੈਂ ਪ੍ਰਾਪਤ ਕਰ ਲਿਆ ਹੈ। ਪਰ ਆਗੂੂੂ ਇਹ ਸਮਝ ਹੀ ਨਹੀਂ ਪਾਉਂਦਾ ਕਿ ਵਰਕਰ ਜਾਂ ਸਟਾਫ ਜਾਂ ਉਸਦੇ ਸਲਾਹਕਾਰ ਉਸਨੂੰ ਅਤੇ ਸੰਸਥਾ ਨੂੰ ਅੰਤ ਵੱਲ ਲੈ ਕੇ ਜਾ ਰਹੇ ਹਨ। ਕਹਿੰਦੇ ਹਨ ਨਜ਼ਰ ਹਟੀ ਦੁਰਘਟਨਾ ਘਟੀ। ਬਿਲਕੁਲ ਸਹੀ ਹੈ। ਸਾਰੀ ਗੱਲ ਤੁਹਾਡੀ ਨਜ਼ਰ ਉੱਤੇ ਹੈ। ਤੁਸੀਂ ਜਦੋਂ ਵੀ ਆਪਣੇ ਉਦੇਸ਼ ਤੋਂ ਨਜ਼ਰ ਹਟਾਈ ਤੁਹਾਡਾ ਖਾਤਮਾ ਤੈਅ ਹੈ। ਕਿਉਂਕਿ ਜਰੂਰੀ ਨਹੀਂ ਹੁੰਦਾ ਕਿ ਕਿਸੇ ਵੀ ਸੰਸਥਾ ਜਾਂ ਆਗੂ ਕੋਲ ਇੱਕ ਹੀ ਸੋਚ ਦੇ ਵਰਕਰ, ਸਟਾਫ ਜਾਂ ਸਲਾਹਕਾਰ ਹੋਣ। ਆਗੂ ਜਾਂ ਸੰਸਥਾ ਕਦੇ ਵੀ ਇਹ ਸਮਝ ਨਹੀਂ ਪਾਉਂਦੀ ਕਿ ਉਸਨੂੰ ਹਮੇਸ਼ਾਂ ਹਾਰ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ ਕਿਉਂਕਿ ਉਹ ਆਪਣੇ ਵਰਕਰਾਂ, ਸਟਾਫ ਅਤੇ ਸਲਾਹਕਾਰਾਂ ਦੇ ਮਿੱਠ ਬੋਲੜੇ ਸੁਭਾਅ ਦਾ ਇੰਨਾਂ ਕਾਇਲ ਹੁੰਦਾ ਕਿ ਉਸਨੂੰ ਸਮਝ ਨਹੀਂ ਲੱਗਦੀ ਕਿ ਅਸਲ ਕਮੀ ਕਿੱਥੇ ਹੈ? ਉਹ ਹਮੇਸ਼ਾਂ ਇਹ ਸੋਚਦਾ ਹੈ ਕਿ ਮੈਂ ਬਹੁਤ ਚੰਗਾ ਹਾਂ, ਮੈਂ ਬਹੁਤ ਮਿੱਠ ਬੋਲੜਾ ਹਾਂ, ਮੇਰਾ ਸਟਾਫ ਬਹੁਤ ਮਿੱਠ ਬੋਲੜਾ ਹੈ, ਅਸੀਂ ਸਭ ਦਾ ਸਤਿਕਾਰ ਬਹੁਤ ਕਰਦੇ ਹਾਂ, ਪਰ ਫਿਰ ਵੀ ਲੋਕ ਮੈਨੂੰ ਜਾਂ ਮੇਰੀ ਸੰਸਥਾ ਨੂੰ ਪਸੰਦ ਕਿਉਂ ਨਹੀਂ ਕਰਦੇ? ਆਗੂ ਅਤੇ ਉਸਦਾ ਸਟਾਫ ਇਹ ਭੁੱਲ ਜਾਂਦੇ ਹਨ ਕਿ ਉਹ ਖੁਦ ਵਿੱਚ ਖੇਡਾਂ ਖੇਡ ਕੇ ਇੱਕ ਦੂਸਰੇ ਨੂੰ ਬੇਵਕੂਫ ਬਣਾ ਸਕਦੇ ਹਨ, ਪਰ ਸਮਾਜ ਨੂੰ ਨਹੀਂ। ਜਲਦ ਹੀ ਸਭ ਨੂੰ ਸਮਝ ਲੱਗ ਜਾਂਦਾ ਹੈ ਕਿ ਇਸ ਆਗੂ ਦਾ ਸਟਾਫ ਅਤੇ ਵਰਕਰ ਜਾਂ ਸਲਾਹਕਾਰ ਮਤਲਬ ਪ੍ਰਸਤ ਹਨ। ਉਹ ਸਿਰਫ ਆਪਣਾ ਉੱਲੂ ਸਿੱਧਾ ਕਰਨ ਵਿੱਚ ਲੱਗੇ ਹੋਏ ਹਨ। ਸੁਹਿਰਦ ਸ਼ਖਸੀਅਤਾਂ ਨੂੰ ਆਗੂ ਤੱਕ ਪਹੁੰਚਣ ਹੀ ਨਹੀਂ ਦੇਣਾ, ਆਗੂ ਨੂੰ ਸੁਹਿਰਦ ਸ਼ਖਸੀਅਤਾਂ ਦੀ ਸੰਗਤ ਵਿੱਚ ਬਹਿਣ ਹੀ ਨਹੀਂ ਦੇਣਾ, ਆਗੂ ਦਾ ਦਾਇਰਾ ਚਾਰੇ ਪਾਸਿਓਂ ਮਤਲਬ ਪ੍ਰਸਤ ਵਰਕਰਾਂ, ਸਟਾਫ ਜਾਂ ਸਲਾਹਕਾਰਾਂ ਨਾਲ ਹੀ ਘੇਰੀ ਰੱਖਣਾ। ਸੁਹਿਰਦ ਸ਼ਖਸੀਅਤਾਂ ਨੂੰ ਜਦੋਂ ਬਾਰ-ਬਾਰ ਇਗਨੋਰ ਕੀਤਾ ਜਾਏਗਾ, ਮੁੱਖ ਆਗੂ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾਏਗਾ ਤਾਂ ਸੁਹਿਰਦ ਸ਼ਖਸੀਅਤਾਂ ਖੁਦ-ਬ-ਖੁਦ ਮੁੱਖ ਆਗੂ ਤੋਂ ਪਿੱਛੇ ਹਟ ਜਾਣਗੀਆਂ। ਮੁੱਖ ਆਗੂ ਨਾਲ ਮਤਲਬ ਪ੍ਰਸਤ ਵਰਕਰ, ਸਟਾਫ ਜਾਂ ਸਲਾਹਕਾਰ ਇਹ ਹੀ ਵਿਚਾਰ ਕਰਦੀਆਂ ਦਿਸਣਗੀਆਂ ਕਿ ਦੇਖੋ ਜੀ ਆਪ ਜੀ ਕਿੰਨੇ ਵਧੀਆ ਇਨਸਾਨ ਹੋ, ਪਰ ਆਪ ਜੀ ਦਾ ਕੋਈ ਸਾਥ ਨਹੀਂ ਦਿੰਦਾ। ਕੋਈ ਵੀ ਲਹਿਰ ਜਾਂ ਕੋਈ ਵੀ ਸੰਸਥਾ ਇਸ ਤਰ੍ਹਾਂ ਹੀ ਖਤਮ ਕੀਤੀ ਜਾਂਦੀ ਹੈ। ਇਹ ਮਤਲਬ ਪ੍ਰਸਤ ਸਟਾਫ ਜਾਂ ਵਰਕਰ ਬਹੁਤ ਹੀ ਸੋਚ ਸਮਝ ਕੇ ਵਿਰੋਧੀ ਧਿਰ ਵੱਲੋਂ ਪਲਾਂਟ ਕੀਤੇ ਜਾਂਦੇ ਹਨ ਜਾਂ ਫਿਰ ਖਰੀਦ ਲਏ ਜਾਂਦੇ ਹਨ। ਜੋ ਹੁੰਦੇ ਤਾਂ ਦਿਖਾਉਣ ਲਈ ਮੁੱਖ ਆਗੂ ਦੇ ਵਰਕਰ ਜਾਂ ਸਟਾਫ ਜਾਂ ਸਲਾਹਕਾਰ ਹੁੰਦੇ ਹਨ ਪਰ ਉਨਾਂ ਦੇ ਗਲੇ ਦੇ ਪੱਟੇ ਦੀ ਰੱਸੀ ਵਿਰੋਧੀ ਧਿਰ ਜਾਂ ਦੁਸ਼ਮਣਾਂ ਦੇ ਹੱਥ ਵਿੱਚ ਹੁੰਦੀ ਹੈ। ਕਿਉਂਕਿ ਮਤਲਬ ਪ੍ਰਸਤ ਵਰਕਰ, ਸਟਾਫ ਜਾਂ ਸਲਾਹਕਾਰਾਂ ਨੂੰ ਸਿਰਫ ਆਪਣੀ ਬੋਟੀ ਜਾਂ ਰੋਟੀ ਹੀ ਦਿੱਸਦੀ ਹੈ। ਉਨਾਂ ਨੂੰ ਕਿਸੇ ਵੀ ਤਰਾਂ ਦੇ ਸੰਘਰਸ਼ ਜਾਂ ਲਹਿਰ ਨਾਲ ਕੋਈ ਮਤਲਬ ਨਹੀਂ ਹੁੰਦਾ। ਇੰਨਾਂ ਮਤਲਬ ਪ੍ਰਸਤ ਲੋਕਾਂ ਨੇ ਸਿਰਫ ਆਪਣੇ ਚੁੱਲ੍ਹੇ ਵਿੱਚ ਅੱਗ ਬਾਲਣੀ ਹੁੰਦੀ ਹੈ। ਬਾਲਣ ਬੇਸ਼ੱਕ ਮੁੱਖ ਆਗੂ ਕੋਲੋਂ ਮਿਲੇ ਚਾਹੇ ਵਿਰੋਧੀ ਧਿਰ ਕੋਲੋਂ। ਪਰ ਇਤਿਹਾਸ ਇੰਨਾਂ ਮਤਲਬ ਪ੍ਰਸਤ ਲੋਕਾਂ ਨੂੰ ਹਮੇਸ਼ਾਂ ਯਾਦ ਰੱਖਦਾ ਹੈ ਅਤੇੇ ਕਿਸੇ ਵੀ ਸੁਹਿਰਦ ਆਗੂ, ਸੰਸਥਾ, ਲਹਿਰ ਜਾਂ ਸੰਘਰਸ਼ ਦੀ ਨਾਕਾਮੀ ਜਾਂ ਅੰਤ ਦਾ ਸਹਿਰਾ ਇੰਨਾਂ ਮਤਲਬ ਪ੍ਰਰਸਤ ਲੋਕਾਂ ਦੇ ਨਾਮ ਕਲਮ ਰਾਹੀਂ ਜਰੂਰ ਉਜਾਗਰ ਕਰਦਾ ਹੈ। ਕਿਸੇ ਵੀ ਮੁੱਖ ਆਗੂ ਦਾ ਖੁਦ ਦਾ ਰੁੱਤਬਾ ਇਸ ਕਦਰ ਉੱਚਾ ਹੋਣਾ ਚਾਹਿਦਾ ਹੈ ਕਿ ਉਸਨੂੰ ਵਰਕਰਾਂ ਜਾਂ ਸਟਾਫ ਤੋਂ ਸਲਾਹਾਂ ਲੈਣ ਦੀ ਲੋੜ ਨਾ ਪਵੇ ਬਲਕਿ ਖੁਦ ਉਹਨਾਂ ਨੂੰ ਸਲਾਹ ਦੇਵੇ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ। ਮੁੱਖ ਆਗੂ ਨੂੰ ਆਪਣੇ ਸਟਾਫ, ਵਰਕਰਾਂ ਅਤੇ ਸਲਾਹਕਾਰਾਂ ਦੀ ਚੋਣ ਕਰਦੇ ਸਮੇਂ ਉਨਾਂ ਦੇ ਕਿਰਦਾਰ ਅਤੇ ਉਨਾਂ ਦੀ ਵਿੱਦਿਆ ਅਤੇ ਉਨਾਂ ਦੀ ਵਿਚਾਰਧਾਰਾ ਨੂੰ ਜਰੂਰ ਪਰਖ ਲੈਣਾ ਚਾਹੀਦਾ ਹੈ। ਜੇਕਰ ਵਰਕਰਾਂ ਜਾਂ ਸਟਾਫ ਦੀ ਸੋਚ ਸਿਰਫ ਰੋਟੀ ਜਾਂ ਬੋਟੀ ਹੈ ਤਾਂ ਉਹ ਕਦੇ ਵੀ ਕਿਸੇ ਵੀ ਲਹਿਰ ਨੂੰ ਜਾਂ ਕਿਸੇ ਵੀ ਸੰਘਰਸ਼ ਨੂੰ ਜਾਂ ਕਿਸੇ ਵੀ ਸੰਸਥਾ ਨੂੰ ਕਦੇ ਵੀ ਵੇਚ ਕੇ ਆਪਣੇ ਲਈ ਰੋਟੀ ਜਾਂ ਬੋਟੀ ਖਰੀਦ ਲਏਗਾ ਅਤੇ ਸਾਰੇ ਸਮਾਜ ਵਿੱਚ ਇਹ ਪਤਾ ਹੀ ਨਹੀਂ ਲੱਗਣ ਦੇਵੇਗਾ ਕਿ ਇਹ ਖਰੀਦੋ ਫਰੋਖਤ ਉਸਦੇ ਮੁੱਖ ਆਗੂ ਨੇ ਨਹੀਂ ਬਲਕਿ ਉਸਦੇ ਖੁਦ ਦੇ ਦਿਮਾਗ ਦੀ ਉਪਜ ਹੈ। ਅੰਤ ਵਿੱਚ ਆਗੂ ਹਮੇਸ਼ਾਂ ਇਹ ਸਵਾਲ ਲੈ ਕੇ ਫਿਰਦਾ ਦਿਸੇਗਾ, ਮੈਂ ਮਾੜਾ ਕੀਤਾ ਕੀ? ਮੈਂ ਕਿੱਥੇ ਤੁਹਾਡੇ ਨਾਲ ਨਹੀਂ ਖੜਿਆ? ਮੇਰਾ ਸਾਥ ਤੁਸੀਂ ਕਿਉਂ ਨਹੀਂ ਦਿੰਦੇ? ਮੈਂ ਵਿਕਾਊ ਨਹੀਂ ਹਾਂ? ਪਰ ਇਹ ਸੱਚਾਈ ਹੈ ਸ਼ੂਤਰ ਮੁਰਗ ਬਣ ਕੇ ਕਦੇ ਵੀ ਕੋਈ ਆਗੂ ਇਤਿਹਾਸ ਨਹੀਂ ਰੱਚ ਸਕਦਾ। ਆਗੂ ਨੂੰ ਉਸ ਬੇੜੀ ਦਾ ਮਲਾਹ ਬਣਨਾ ਪੈਂਦਾ ਜਿਸ ਬੇੜੀ ਦੇ ਭਰ ਜਾਣ ਨਾਲ ਮਲਾਹ ਹੋਰ ਸਵਾਰੀਆਂ ਨੂੰ ਬਿਠਾਉਣ ਤੋਂ ਸਾਫ ਇਨਕਾਰ ਕਰ ਦੇਵੇ। ਪਰ ਫਿਰ ਵੀ ਸਵਾਰੀਆਂ ਕਿਨਾਰੇ ਤੇ ਖੜ ਕੇ ਉਸ ਮਲਾਹ ਦੇ ਵਾਪਸ ਆਉਣ ਦੀ ਉਡੀਕ ਕਰਨ ਕਿ ਇਸ ਮਲਾਹ ਦੀ ਬੇੜੀ ਵਿੱਚ ਪਾਰ ਜਾਣਾ ਹੈ। ਕਿਉਂਕਿ ਉਨਾਂ ਨੂੰ ਭਰੋਸਾ ਹੁੰਦਾ ਹੈ ਕਿ ਇਸ ਮਲਾਹ ਨੇ ਸਾਨੂੰ ਸਹੀ ਸਲਾਮਤ ਪਾਰ ਲੰਘਾ ਦੇਣਾ ਹੈ। ਸਮਾਜ ਦਾ ਵਿਸ਼ਵਾਸ ਆਪਣੇ ਆਗੂ ਉੱਤੇ ਅਤੇ ਆਗੂ ਦਾ ਆਪਣੇ ਵਰਕਰ ਅਤੇ ਸਟਾਫ ਉੱਤੇ, ਇੱਕ ਕੱਚਾ ਸੂਤਰਧਾਰ ਹੈ। ਜੋ ਇੱਕ ਵਾਰ ਟੁੱਟ ਗਿਆ ਤਾਂ ਜੁੜ ਬੇਸ਼ੱਕ ਜਾਵੇ, ਪਰ ਜੋੜ ਦੇ ਦੁਬਾਰਾ ਟੁੱਟਣ ਦੇ ਸ਼ੱਕ ਦੀ ਗੁੰਜਾਇਸ਼ ਹਮੇਸ਼ਾਂ ਰਹਿੰਦੀ ਹੈ। ਇਸ ਲਈ ਰੋਟੀ ਅਤੇ ਬੋਟੀ ਦੀ ਸੋਚ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ। ਜੇਕਰ ਅਸੀਂ ਕਿਸੇ ਸੰਸਥਾ, ਕਿਸੇ ਆਗੂ, ਕਿਸੇ ਲਹਿਰ ਜਾਂ ਕਿਸੇ ਸੰਘਰਸ਼ ਨੂੰ ਕਾਮਯਾਬ ਕਰਨਾ ਚਾਹੁੰਦੇ ਹਾਂ।